CM ਮਾਨ ਨੇ ਲੁਧਿਆਣਾ ਦੇ ਜਗਰਾਉਂ ਹਲਕੇ ਦੇ ਪਿੰਡ ਕਮਾਲਪੁਰਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਕੀਤਾ ਰਾਬਤਾ

ਜਗਰਾਉਂ, 29 ਅਕਤੂਬਰ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ, ਜਿਸ ਨਾਲ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋਣ ਦੀ ਬਜਾਏ ਆਪਣੇ ਸੂਬੇ ਵਿੱਚ ਹੀ ਭਵਿੱਖ ਸਵਾਰ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ 70,000 ਸਰਕਾਰੀ ਨੌਕਰੀਆਂ, ਸਰਕਾਰੀ ਸਕੂਲਾਂ ਦੇ ਸੁਧਾਰ ਸਦਕਾ ਇਸ ਸਾਲ 882 ਵਿਦਿਆਰਥੀਆਂ ਵੱਲੋਂ ਨੀਟ ਪਾਸ ਕਰਨ ਅਤੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕਰਨ ਨੂੰ ਪੰਜਾਬ ਦੀ ਬਦਲਦੀ ਤਕਦੀਰ ਦਾ ਪ੍ਰਮਾਣ ਦੱਸਿਆ।

ਲੁਧਿਆਣਾ ਦੇ ਜਗਰਾਉਂ ਵਿਧਾਨ ਸਭਾ ਹਲਕੇ ਦੇ ਪਿੰਡ ਕਮਾਲਪੁਰਾ ਵਿਖੇ ਕਰਵਾਏ ਗਏ ‘ਲੋਕ ਮਿਲਣੀ’ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਸਰਪੰਚ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ, ਕਿਸਾਨਾਂ ਅਤੇ ਔਰਤਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਬਜਾਏ ਕੁਰਸੀ ਖ਼ਾਤਰ ਆਪਸ ਵਿੱਚ ਲੜਨ ਵਾਲੇ ਕਾਂਗਰਸੀ ਤੇ ਅਕਾਲੀ ਆਗੂਆਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਮਜੀਠੀਆ ਲਈ ਜਵਾਬਦੇਹੀ ਤੋਂ ਬਚਣਾ ਔਖਾ ਹੋ ਜਾਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ‘ਐਕਸ’ ਹੈਂਡਲ ’ਤੇ ਕਿਹਾ, “ਅੱਜ ਲੁਧਿਆਣਾ ਦੇ ਜਗਰਾਉਂ ਵਿਧਾਨ ਸਭਾ ਹਲਕੇ ਦੇ ਪਿੰਡ ਕਮਾਲਪੁਰਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਵੱਡੇ ਗਿਣਤੀ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਸਰਪੰਚ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਮੈਂ ਖੁਦ ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਭਲੀ-ਭਾਂਤ ਸਮਝਦਾ ਹਾਂ। ਇਸੇ ਲਈ ਅਸੀਂ ਖੇਤੀ ਟਿਊਬਵੈੱਲਾਂ ਲਈ ਰਾਤ ਦੀ ਬਜਾਏ ਦਿਨ ਵੇਲੇ ਬਿਜਲੀ ਦੇਣੀ ਸ਼ੁਰੂ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਖੱਜਲ-ਖ਼ੁਆਰੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਵੀ ਆਪਣੇ ਬੈਂਕ ਖਾਤੇ ਅਤੇ ਏਟੀਐੱਮ ਤਿਆਰ ਰੱਖਣ, ਕਿਉਂਕਿ ਸਨਮਾਨ ਰਾਸ਼ੀ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਆਉਣ ਵਾਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਜਿੱਥੇ ਅਹੁਦਿਆਂ ਅਤੇ ਕੁਰਸੀ ਲਈ ਲੜ ਰਹੀ ਹੈ, ਉੱਥੇ ਹੀ ਸਾਡਾ ਇੱਕੋ-ਇੱਕ ਟੀਚਾ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਹੈ।”

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਰਨੈਲਾਂ ਅਤੇ ਖਿਡਾਰੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਨੂੰ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰਨ ਵਾਲਿਆਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਸਰਗਨੇ ਖ਼ਿਲਾਫ਼ 40,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਨੇ ਆਪਣੇ ਸੱਤਾ ਦੇ ਦਿਨਾਂ ਦੌਰਾਨ ਸਰਕਾਰੀ ਗੱਡੀਆਂ ਵਿੱਚ ਨਸ਼ੇ ਦੀ ਤਸਕਰੀ ਕਰਵਾਈ ਸੀ। ਸੂਬੇ ਦੇ ਸਰਮਾਏ ਨੂੰ ਲੁੱਟਣ ਵਾਲੇ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਇਹ ਲੋਕ ਆਪਸ ਵਿੱਚ ਮਿਲੇ ਹੋਏ ਹਨ ਅਤੇ ਇਨ੍ਹਾਂ ਨੂੰ ਆਪਣੇ ਕੁਕਰਮਾਂ ਦਾ ਜਵਾਬ ਦੇਣਾ ਹੀ ਪਵੇਗਾ।”

ਆਪਣੇ ਨਿੱਜੀ ਹਿੱਤਾਂ ਦੀ ਰਾਖੀ ਲਈ ਇਕੱਠੇ ਹੋਣ ਵਾਲੇ ਸਿਆਸੀ ਆਗੂਆਂ ‘ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੈਸੇ ਤਾਂ ਇਹ ਲੀਡਰ ਅੰਦਰੋਂ ਇਕੱਠੇ ਹੁੰਦੇ ਹਨ ਪਰ ਬਾਹਰ ਸਿਆਸੀ ਲਾਹੇ ਲਈ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੇ ਅਤੇ ਆਪਸੀ ਕੁੜੱਤਣ ਵਾਲੇ ਬਿਆਨ ਦਿੰਦੇ ਹਨ।

Read More: ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ ਆਖਰੀ ਕਤਾਰ ਤੱਕ ਲਾਭ ਪਹੁੰਚਾਉਣ ਦੇ ਨਿਰਦੇਸ਼

Leave a Reply

Your email address will not be published. Required fields are marked *