ਪਟਿਆਲਾ, 26 ਅਕਤੂਬਰ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਸ ਦੇ ਜਾਇਜ਼ ਹੱਕਾਂ ਤੋਂ ਵਿਰਵਾ ਰੱਖਣਾ ਅਤੇ ਵਿੱਤੀ ਬਕਾਏ ਰੋਕੀ ਰੱਖਣਾ ਭਾਜਪਾ ਦੀ ਪੁਰਾਣੀ ਆਦਤ ਹੈ।
ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਆਰ.ਡੀ.ਐੱਫ. (ਪੇਂਡੂ ਵਿਕਾਸ ਫੰਡ) ਅਤੇ ਵੈਟ ਦੇ ਬਕਾਏ ਰੋਕਣ ਲਈ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ ‘ਤੇ ਅਕਾਲੀਆਂ ਅਤੇ ਭਾਜਪਾ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕੀਤੀ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪਣੇ ਪਿਛਲੇ ਸ਼ਾਸਨਕਾਲ ਦੌਰਾਨ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਅਤੇ ਹੁਣ ਚੋਣਾਂ ਵਿੱਚ ਲਾਹਾ ਖੱਟਣ ਲਈ ਮੁੜ ਇਕੱਠੇ ਹੋਣ ਦੀ ਤਿਆਰੀ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਆਪਣੇ ਹੱਕਾਂ ਅਤੇ ਹਿੱਤਾਂ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਦੀ ਬੁਖਲਾਹਟ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਲਗਾਤਾਰ ਜਨਤਕ ਸਮਰਥਨ ਦਾ ਨਤੀਜਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਦਾ ਪਾਣੀ ਖੋਹਣ ਦੀ ਸਾਜ਼ਿਸ਼ ਰਚ ਕੇ ਵੋਟਾਂ ਮੰਗ ਰਹੀ ਹੈ। ਪੰਜਾਬ ਨੂੰ ਉਸ ਦੇ ਜਾਇਜ਼ ਹੱਕਾਂ ਤੋਂ ਵਾਂਝਾ ਕਰਨਾ ਭਾਜਪਾ ਦੀ ਪੁਰਾਣੀ ਆਦਤ ਬਣ ਚੁੱਕੀ ਹੈ। ਪੰਜਾਬ ਦੇ ਲੋਕਾਂ ਨੇ ਦੇਸ਼ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਹਨ, ਦੇਸ਼ ਦੀ ਅੰਨ ਸੁਰੱਖਿਆ ਵਿੱਚ ਯੋਗਦਾਨ ਪਾਇਆ ਹੈ ਅਤੇ ਰਾਸ਼ਟਰੀ ਸੁਰੱਖਿਆ ਲਈ ਡਟ ਕੇ ਪਹਿਰਾ ਦੇ ਰਹੇ ਹਨ, ਫਿਰ ਵੀ ਸੂਬੇ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਹੱਥੋਂ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ, “ਪੰਜਾਬ ਕਦੇ ਵੀ ਕਿਸੇ ਸਿਆਸੀ ਪਾਰਟੀ ਨੂੰ ਆਪਣੇ ਹਿੱਤਾਂ ਨੂੰ ਢਾਹ ਲਾਉਣ ਜਾਂ ਆਪਣੇ ਲੋਕਾਂ ਦੇ ਹੱਕਾਂ ਨਾਲ ਸਮਝੌਤਾ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਪੰਜਾਬ ਯੂਨੀਵਰਸਿਟੀ, ਪੰਜਾਬ ਦੇ ਇਤਿਹਾਸ, ਪਛਾਣ ਅਤੇ ਅਕਾਦਮਿਕ ਵਿਰਾਸਤ ਨਾਲ ਜੁੜੀ ਅਹਿਮ ਸੰਸਥਾ ਹੈ, ਜਦਕਿ ਸਾਡੇ ਪਾਣੀ ਦੇ ਸਰੋਤ ਸਾਡੀ ਖੇਤੀਬਾੜੀ ਅਰਥਵਿਵਸਥਾ ਅਤੇ ਲੱਖਾਂ ਕਿਸਾਨਾਂ ਦੀ ਰੋਜ਼ੀ-ਰੋਟੀ ਲਈ ਅਤਿ ਜ਼ਰੂਰੀ ਹਨ। ਪੰਜਾਬ ਦੇ ਲੋਕ ਸੂਬੇ ਦੀਆਂ ਸੰਸਥਾਵਾਂ, ਪਾਣੀਆਂ ਜਾਂ ਵਿੱਤੀ ਹੱਕਾਂ ‘ਤੇ ਇਸ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕਰਨਗੇ।”
ਪੰਜਾਬ ਦੇ ਬਕਾਇਆ ਵਿੱਤੀ ਫੰਡਾਂ ਲਈ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੋਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਆਰ.ਡੀ.ਐੱਫ. ਅਤੇ ਵੈਟ ਦੇ ਬਕਾਏ ਰੋਕੇ ਹੋਏ ਹਨ। ਫੰਡਾਂ ਨੂੰ ਇੰਨੇ ਲੰਬੇ ਸਮੇਂ ਤੱਕ ਰੋਕਣਾ ਪੰਜਾਬ ਦੇ ਲੋਕਾਂ ਨਾਲ ਘੋਰ ਅਨਿਆਂ ਹੈ ਅਤੇ ਇਹ ਸੂਬੇ ਦੇ ਜ਼ਰੂਰੀ ਵਿਕਾਸ ਅਤੇ ਪੇਂਡੂ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਪ੍ਰਭਾਵਿਤ ਕਰਦਾ ਹੈ। ਪੰਜਾਬ ਆਪਣੇ ਜਾਇਜ਼ ਹੱਕਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਮੰਗ ਰਿਹਾ ਅਤੇ ਕੇਂਦਰ ਸਰਕਾਰ ਨੂੰ ਸੂਬੇ ਪ੍ਰਤੀ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।”
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਲੋਕ ਇਨਸਾਫ਼ ਦੇ ਹੱਕਦਾਰ ਹਨ। ਸਾਡੇ ਸੂਬੇ ਨੂੰ ਆਪਣੇ ਜਾਇਜ਼ ਫੰਡਾਂ ਦੀ ਮੰਗ ਕਰਨ ਦਾ ਪੂਰਾ ਹੱਕ ਹੈ ਅਤੇ ਅਸੀਂ ਧੱਕੇਸ਼ਾਹੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਕੋਈ ਵੀ ਸਰਕਾਰ ਪੰਜਾਬ ਨੂੰ ਉਸ ਦੇ ਹੱਕੀ ਸਰੋਤਾਂ ਤੋਂ ਅਨਿਸ਼ਚਿਤ ਸਮੇਂ ਲਈ ਵਾਂਝਾ ਨਹੀਂ ਰੱਖ ਸਕਦੀ। ਪੰਜਾਬ ਦੇ ਵਿਕਾਸ ਅਤੇ ਇਸ ਦੇ ਲੋਕਾਂ ਦੀ ਭਲਾਈ ਨੂੰ ਭਾਜਪਾ ਦੇ ਸਿਆਸੀ ਸਮੀਕਰਨਾਂ ਦੀ ਬਲੀ ਨਹੀਂ ਚਾੜ੍ਹਿਆ ਜਾ ਸਕਦਾ।”
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ‘ਤੇ ਨਸ਼ਿਆਂ ਦੇ ਮੁੱਦੇ ‘ਤੇ ਤਿੱਖਾ ਹਮਲਾ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਕਾਲੀਆਂ ਅਤੇ ਭਾਜਪਾ ਨੇ ਆਪਣੇ ਸ਼ਾਸਨਕਾਲ ਦੌਰਾਨ ਪੂਰੇ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਵਿਛਾਇਆ। ਅਣਗਿਣਤ ਪਰਿਵਾਰਾਂ ਨੇ ਨਸ਼ੇ ਦੇ ਜਜ਼ਬਾਤੀ ਅਤੇ ਸਮਾਜਿਕ ਤੌਰ ’ਤੇ ਨਤੀਜੇ ਭੁਗਤੇ ਹਨ ਅਤੇ ਸਾਡੇ ਨੌਜਵਾਨਾਂ ਨੇ ਇਨ੍ਹਾਂ ਪਾਰਟੀਆਂ ਦੀਆਂ ਨਾਕਾਮੀਆਂ ਦੀ ਭਾਰੀ ਕੀਮਤ ਚੁਕਾਈ ਹੈ। ਪੰਜਾਬ ਦੇ ਲੋਕ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਪਹੁੰਚਾਏ ਗਏ ਨੁਕਸਾਨ ਨੂੰ ਭੁੱਲੇ ਨਹੀਂ ਹਨ।
Read More: ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ ਆਖਰੀ ਕਤਾਰ ਤੱਕ ਲਾਭ ਪਹੁੰਚਾਉਣ ਦੇ ਨਿਰਦੇਸ਼
