ਪਿਛਲੀਆਂ ਸਰਕਾਰਾਂ ਨੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀਆਂ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਸਨ: CM ਮਾਨ

ਪਟਿਆਲਾ, 26 ਅਕਤੂਬਰ 2026: ਇੱਥੇ ਅੱਜ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰੇਕ ਪਿੰਡ ਨੂੰ ਸ਼ਹਿਰਾਂ ਨਾਲ ਜੋੜਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਐਲਾਨ ਕੀਤਾ ਕਿ ਜਿਸ ਤਰ੍ਹਾਂ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਇਆ ਗਿਆ ਹੈ, ਉਸੇ ਤਰ੍ਹਾਂ ਪੰਜਾਬ ਦੇ ਹਰ ਪਿੰਡ ਤੱਕ ਬੱਸਾਂ ਪਹੁੰਚਾਈਆਂ ਜਾਣਗੀਆਂ। ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਵਾਲੀ ਬੱਸ ਸੇਵਾ ਬੰਦ ਕਰਨ ਲਈ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਹ ਨਵੀਆਂ ਬੱਸਾਂ ਗ੍ਰਾਮੀਣ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨਗੀਆਂ, ਰੋਜ਼ਾਨਾ ਦੇ ਸਫ਼ਰ ਨੂੰ ਆਸਾਨ ਬਣਾਉਣਗੀਆਂ ਅਤੇ ਸਿੱਖਿਆ, ਰੋਜ਼ਗਾਰ ਤੇ ਲੋੜੀਂਦੀਆਂ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਗੀਆਂ।

ਅਗਲੇ ਮਹੀਨੇ ਬੇੜੇ ਵਿੱਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 29 ਸੀਟਾਂ ਵਾਲੀਆਂ 100 ਮਿੰਨੀ ਬੱਸਾਂ ਸ਼ਾਮਲ ਕਰਨ ਨਾਲ ਲਗਪਗ 150 ਨੌਜਵਾਨਾਂ ਲਈ ਰੋਜ਼ਗਾਰ ਵੀ ਪੈਦਾ ਹੋਵੇਗਾ, ਜਦਕਿ 15 ਨੌਜਵਾਨਾਂ ਨੂੰ ਤੁਰਤ ਟਰਾਂਸਪੋਰਟ ਵਿਭਾਗ ਵਿੱਚ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਗਏ ਹਨ।

‘ਐਕਸ’ (ਟਵਿੱਟਰ) ‘ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਪੰਜਾਬ ਦੇ ਟਰਾਂਸਪੋਰਟ ਢਾਂਚੇ ਨੂੰ ਮਜ਼ਬੂਤ ਕਰਦਿਆਂ ਅੱਜ ਅਸੀਂ ਪਟਿਆਲਾ ਵਿੱਚ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 100 ਨਵੀਆਂ ਮਿੰਨੀ ਬੱਸਾਂ ਸ਼ਾਮਲ ਕੀਤੀਆਂ ਹਨ। ਇਹ ਬੱਸਾਂ ਖਾਸ ਤੌਰ ‘ਤੇ ਸਾਡੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ, ਜਿਸ ਨਾਲ ਪਿੰਡਾਂ ਦੇ ਵਸਨੀਕਾਂ ਲਈ ਸਫ਼ਰ ਵਧੇਰੇ ਸੁਖਾਲਾ ਹੋ ਜਾਵੇਗਾ। ਅਸੀਂ ਵਿਭਾਗ ਵਿੱਚ ਨੌਕਰੀਆਂ ਲਈ 15 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਹਨ। ਜਨਤਕ ਟਰਾਂਸਪੋਰਟ ਸੇਵਾਵਾਂ ਨੂੰ ਹੋਰ ਸੁਧਾਰਨ ਲਈ ਅਗਲੇ ਮਹੀਨੇ ਬੇੜੇ ਵਿੱਚ 309 ਹੋਰ ਨਵੀਆਂ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ।”

ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਨਤਕ ਟਰਾਂਸਪੋਰਟ ਸਿਰਫ਼ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਾਧਨ ਨਹੀਂ ਹੈ, ਇਹ ਪੇਂਡੂ ਭਾਈਚਾਰਿਆਂ ਲਈ ਇੱਕ ਜੀਵਨ ਰੇਖਾ ਹੈ। ਭਰੋਸੇਯੋਗ ਬੱਸ ਸੇਵਾਵਾਂ ਨਾਲ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ, ਪਰਿਵਾਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਦੇ ਹਨ ਅਤੇ ਪਿੰਡਾਂ ਦਾ ਆਰਥਿਕ ਤੇ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੁੰਦਾ ਹੈ।”

ਸੰਤੁਲਿਤ ਵਿਕਾਸ ਲਈ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਜਿਸ ਤਰ੍ਹਾਂ ਅਸੀਂ ਯਕੀਨੀ ਬਣਾਇਆ ਹੈ ਕਿ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚੇ, ਉਸੇ ਤਰ੍ਹਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਬੱਸਾਂ ਪੰਜਾਬ ਦੇ ਹਰ ਪਿੰਡ ਤੱਕ ਪਹੁੰਚਣ। ਵਿਕਾਸ ਦੇ ਲਾਭ ਹਰੇਕ ਘਰ ਤੱਕ ਪਹੁੰਚਣੇ ਚਾਹੀਦੇ ਹਨ, ਭਾਵੇਂ ਲੋਕ ਵੱਡੇ ਸ਼ਹਿਰਾਂ, ਛੋਟੇ ਕਸਬਿਆਂ ਜਾਂ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਰਹਿੰਦੇ ਹੋਣ।”

ਉਨ੍ਹਾਂ ਜ਼ਿਕਰ ਕੀਤਾ, “ਪਹਿਲੀਆਂ ਸਰਕਾਰਾਂ ਨੇ ਪੇਂਡੂ ਟਰਾਂਸਪੋਰਟ ਕੁਨੈਕਟੀਵਿਟੀ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਨੂੰ ਕੰਮ, ਸਿੱਖਿਆ ਅਤੇ ਹੋਰ ਜ਼ਰੂਰੀ ਲੋੜਾਂ ਲਈ ਸ਼ਹਿਰਾਂ ਤੱਕ ਜਾਣ ਲਈ ਸੰਘਰਸ਼ ਕਰਨਾ ਪੈਂਦਾ ਸੀ। ਸਾਡੀ ਸਰਕਾਰ ਇਸ ਸਥਿਤੀ ਨੂੰ ਬਦਲਣ ਅਤੇ ਇਹ ਯਕੀਨੀ ਬਣਾਉਣ ਲਈ ਦ੍ਰਿੜ੍ਹ ਹੈ ਕਿ ਕੋਈ ਵੀ ਵਿਅਕਤੀ ਰਹਿਣ ਦੀ ਥਾਂ ਕਰ ਕੇ ਮੌਕਿਆਂ ਤੋਂ ਵਾਂਝਾ ਨਾ ਰਹੇ।”

ਮੁੱਖ ਮੰਤਰੀ ਨੇ ਕਿਹਾ, “29 ਸੀਟਾਂ ਵਾਲੀਆਂ 100 ਨਵੀਆਂ ਮਿੰਨੀ ਬੱਸਾਂ ਪੀ.ਆਰ.ਟੀ.ਸੀ. ਦੇ ਨੌਂ ਡਿਪੂਆਂ ਰਾਹੀਂ ਪੇਂਡੂ ਅਤੇ ਛੋਟੇ ਕਸਬਿਆਂ ਦੇ ਰੂਟਾਂ ‘ਤੇ ਚੱਲਣਗੀਆਂ। ਇਹ ਸੇਵਾਵਾਂ ਰੋਜ਼ਗਾਰ, ਵਪਾਰ ਅਤੇ ਹੋਰ ਜ਼ਰੂਰੀ ਕੰਮਾਂ ਲਈ ਸ਼ਹਿਰਾਂ ਨੂੰ ਜਾਣ ਵਾਲੇ ਵਸਨੀਕਾਂ ਲਈ ਰੋਜ਼ਾਨਾ ਦੀ ਆਵਾਜਾਈ ਨੂੰ ਆਸਾਨ ਬਣਾਉਣਗੀਆਂ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਸੁਧਰੀ ਕੁਨੈਕਟੀਵਿਟੀ ਦਾ ਵੱਡਾ ਲਾਭ ਮਿਲੇਗਾ।

Read More: ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ ਆਖਰੀ ਕਤਾਰ ਤੱਕ ਲਾਭ ਪਹੁੰਚਾਉਣ ਦੇ ਨਿਰਦੇਸ਼

Leave a Reply

Your email address will not be published. Required fields are marked *