ਲੁਧਿਆਣਾ : ਕਸਬਾ ਹੰਬੜਾਂ ’ਚ ਭਗਵਤੀ ਮਾਤਾ ਮੰਦਰ ਨੇੜੇ ਕੁੱਤੇ ਦੇ ਹਮਲੇ ’ਚ ਸਾਢੇ 4 ਸਾਲਾ ਬੱਚੇ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦਾ ਸਮਾਚਾਰ ਹੈ।
ਹੰਬੜਾਂ ਦਾਣਾ ਮੰਡੀ ਨੇੜੇ ਬਣੇ ਕੁਆਰਟਰਾਂ ’ਚ ਰਹਿ ਰਹੇ ਪ੍ਰਵਾਸੀ ਆਰੀਆ ਪੁੱਤਰ ਵਿਸ਼ਾਲ ਕੁਮਾਰ ਦਾ ਬੇਟਾ ਗਲੀ ’ਚ ਖੇਡ ਰਿਹਾ ਸੀ ਤਾਂ ਅਚਾਨਕ ਅਵਾਰਾ ਕੁੱਤੇ ਵਲੋਂ ਬੱਚੇ ’ਤੇ ਹਮਲਾ ਕਰ ਦਿੱਤਾ ਗਿਆ। ਬੱਚੇ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਮੁਸ਼ਕਲ ਨਾਲ ਬੱਚੇ ਨੂੰ ਕੁੱਤੇ ਦੇ ਚੁੰਗਲ ’ਚੋਂ ਛਡਵਾਇਆ। ਕੁੱਤੇ ਦੇ ਵੱਢਣ ਨਾਲ ਬੱਚਾ ਗਭੀਰ ਜ਼ਖ਼ਮੀ ਹੋ ਗਿਆ ਤੇ ਪਰਿਵਾਰਕ ਮੈਂਬਰਾਂ ਵੱਲੋਂ ਲਹੂ-ਲੁਹਾਨ ਹੋਏ ਬੱਚੇ ਨੂੰ ਤੁਰੰਤ ਪ੍ਰੀਤ ਨਰਸਿੰਗ ਹੋਮ ’ਚ ਦਾਖਲ ਕਰਵਾਇਆ ਗਿਆ।
ਬੱਚੇ ਦਾ ਇਲਾਜ ਕਰ ਰਹੇ ਡਾ. ਸੰਤੋਖ ਸਿੰਘ ਹੀਰਾ ਨੇ ਦੱਸਿਆ ਕਿ ਕੁੱਤੇ ਵਲੋਂ ਕੀਤੇ ਗਏ ਹਮਲੇ ’ਚ ਬੱਚੇ ਦੇ ਮੂੰਹ ਨੂੰ ਨੋਚਿਆ ਗਿਆ ਹੈ ਤੇ ਬੱਚੇ ਦੇ ਬੁੱਲ੍ਹ, ਨੱਕ ਅਤੇ ਗੱਲ ’ਤੇ ਟਾਂਕੇ ਲਗਾਉਣੇ ਪਏ ਹਨ ਪਰ ਬੱਚਾ ਖਤਰੇ ’ਚੋਂ ਬਾਹਰ ਹੈ।
