
ਕਪੂਰਥਲਾ ’ਚ ਪੈਟਰੋਲ ਪੰਪ ’ਤੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕਪੂਰਥਲਾ ਦੇ ਖੀਰਾਵਾਲੀ ਪੈਟਰੋਲ ਪੰਪ ’ਤੇ ਗੋਲੀ ਮਾਰ ਕੇ ਕਰਿੰਦੇ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਦੇਰ ਰਾਤ ਖੀਰਾਂਵਾਲੀ ਵਿਖੇ ਦੋ ਮੋਟਰਸਾਈਕਲ ’ਤੇ ਸਵਾਰ 6 ਲੁਟੇਰੇ ਆਏ, ਜਿਨ੍ਹਾਂ ਨੇ ਪੈਟਰੋਲ ਪੰਪ ’ਤੇ ਕੰਮ ਕਰਦੇ ਇਕ ਕਰਿੰਦੇ ਕੋਲੋਂ 4000 ਰੁਪਏ ਦੀ ਨਕਦੀ ਖੋਹ ਲਈ। ਜਦੋਂ ਉਹ ਦੂਜੇ ਕਰਿੰਦੇ ਕੁਲਵੰਤ ਸਿੰਘ ਪੁੱਤਰ ਧੂਰੀਆ ਰਾਮ ਕੋਲੋਂ ਪੈਸੇ ਖੋਹਣ ਲੱਗੇ ਤਾਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੱਟ ’ਚੋਂ ਆਰ-ਪਾਰ ਹੋ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਪਰੰਤ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਜ਼ਖ਼ਮੀ ਨੂੰ ਉਸ ਦੇ ਸਾਥੀਆਂ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ, ਜਿਥੇ ਡਿਊਟੀ ਡਾਕਟਰ ਆਸ਼ੀਸ਼ ਪਾਲ ਸਿੰਘ ਵੱਲੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਬਾਅਦ ’ਚ ਲੁਧਿਆਣਾ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।