ਪਟਿਆਲਾ ਰੇਂਜ ਅਧੀਨ ਆਉਂਦੇ 4 ਜ਼ਿਲ੍ਹਿਆਂ ਦੇ 727 ਪੁਲਿਸ ਕਰਮਚਾਰੀਆਂ ਨੂੰ ਦਿੱਤੀ ਤਰੱਕੀ
ਪਟਿਆਲਾ ਰੇਂਜ ਪਟਿਆਲਾ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਮਨਦੀਪ ਸਿੰਘ ਸਿੱਧੂ (ਆਈ.ਪੀ.ਐਸ) ਵੱਲੋਂ ਬਸੰਤ ਪੰਚਮੀ ਦੇ ਦਿਹਾੜੇ ‘ਤੇ ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਦੇ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀ ਦੇ ਕੇ ਵੱਡਾ ਤੋਹਫਾ ਦਿੱਤਾ ਗਿਆ ਹੈ।
ਇਨ੍ਹਾਂ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਕਰਮਚਾਰੀ ਪਹਿਲਾਂ ਨਾਲੋਂ ਵੀ ਵਧੇਰੇ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਨਗੇ।
ਉਹਨਾਂ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਵਿੱਚ 23 ਸਹਾਇਕ ਥਾਣੇਦਾਰਾਂ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ, 132 ਹੌਲਦਾਰਾਂ ਨੂੰ ਸਹਾਇਕ ਥਾਣੇਦਾਰ ਅਤੇ 572 ਸਿਪਾਹੀਆਂ ਨੂੰ ਹੌਲਦਾਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਵੱਲੋਂ ਨਵੇਂ ਸਾਲ ਦੇ ਮੌਕੇ ‘ਤੇ ਪਟਿਆਲਾ ਰੇਂਜ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ ਦੇ 18, ਜ਼ਿਲ੍ਹਾ ਪਟਿਆਲਾ ਦੇ 73, ਜ਼ਿਲ੍ਹਾ ਬਰਨਾਲਾ ਦੇ 10, ਜ਼ਿਲ੍ਹਾ ਮਲੇਰਕੋਟਲਾ ਦੇ 6 ਅਤੇ ਜੀ.ਆਰ.ਪੀ ਦੇ 19 ਸਿਪਾਹੀਆਂ ਨੂੰ ਹੌਲਦਾਰ (ਕੁੱਲ 126) ਵਜੋਂ ਤਰੱਕੀ ਦਿੱਤੀ ਗਈ ਸੀ।
