5 ਅਗਸਤ 2026: ਲਗਾਨ ਅਤੇ ਗਜਨੀ ਸਮੇਤ ਕਈ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਅਦਾਕਾਰ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ ਨੂੰ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਲਗਾਨ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਇੰਸਟਾਗ੍ਰਾਮ ‘ਤੇ ਸਾਂਝੀ ਕਰਦਿਆਂ ਸ਼ਰਧਾਂਜਲੀ ਦਿੱਤੀ।
ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਪ੍ਰਦੀਪ ਰਾਵਤ ਦੇ ਮੈਨੇਜਰ, ਸਿਧਾਰਥ ਤਿਵਾੜੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਦਾਕਾਰ ਕੈਂਸਰ ਤੋਂ ਪੀੜਤ ਸਨ ਅਤੇ ਇਹ ਬਿਮਾਰੀ ਦੁਬਾਰਾ ਫੈਲ ਗਈ ਸੀ। ਉਹ ਪਿਛਲੇ ਮਹੀਨੇ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ।
ਪ੍ਰਦੀਪ ਰਾਵਤ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਬੀ.ਆਰ. ਚੋਪੜਾ ਦੇ ਟੀਵੀ ਸ਼ੋਅ ਮਹਾਭਾਰਤ ਵਿੱਚ ਅਸ਼ਵਥਾਮਾ ਦੀ ਭੂਮਿਕਾ ਨਾਲ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ, ਬੰਗਾਲੀ ਅਤੇ ਭੋਜਪੁਰੀ ਫਿਲਮਾਂ ਵਿੱਚ ਕੰਮ ਕੀਤਾ। ਹਿੰਦੀ ਸਿਨੇਮਾ ਵਿੱਚ, ਉਹ ਲਗਾਨ, ਸਰਫਰੋਸ਼, ਗਜਨੀ ਅਤੇ ਗ੍ਰੈਂਡ ਮਸਤੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ। ਤੇਲਗੂ ਫਿਲਮ ਸਯੇ ਨਾਲ, ਉਨ੍ਹਾਂ ਨੇ ਦੱਖਣੀ ਭਾਰਤੀ ਸਿਨੇਮਾ ਵਿੱਚ ਪ੍ਰਵੇਸ਼ ਕੀਤਾ ਅਤੇ ਕਈ ਯਾਦਗਾਰੀ ਖਲਨਾਇਕ ਭੂਮਿਕਾਵਾਂ ਨਿਭਾਈਆਂ।
ਤਾਮਿਲ ਫਿਲਮ ਗਜਨੀ (2005) ਵਿੱਚ ਉਨ੍ਹਾਂ ਦੀ ਦੋਹਰੀ ਭੂਮਿਕਾ ਨੂੰ ਖੂਬ ਪਸੰਦ ਕੀਤਾ ਗਿਆ। ਬਾਅਦ ਵਿੱਚ ਉਸਨੇ ਗਜਨੀ ਦੇ ਹਿੰਦੀ ਰੀਮੇਕ ਵਿੱਚ ਵੀ ਇਹੀ ਭੂਮਿਕਾ ਨਿਭਾਈ। ਉਸਨੇ ਕੰਨੜ ਫਿਲਮ ਪੈਰੋਡੀ, ਮਲਿਆਲਮ ਫਿਲਮ ਚਾਈਨਾ ਟਾਊਨ, ਬੰਗਾਲੀ ਫਿਲਮ ਹੀਰੋ 420, ਅਤੇ ਭੋਜਪੁਰੀ ਫਿਲਮ ਕਰੈਕ ਫਾਈਟਰ ਵਿੱਚ ਵੀ ਕੰਮ ਕੀਤਾ।
