ਪਟਿਆਲਾ – ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸੀ ਅਤੇ ਡੀ ਬਲਾਕ ਦੇ ਪਿਛਲੇ ਪਾਸੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਨੇੜੇ ਬਣੇ ਕਿਲਕਾਰੀਆਂ ਕਰੈੱਚ ਦਾ ਨਿਰੀਖਣ ਕੀਤਾ। ਉਨ੍ਹਾਂ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਵਾਚਿਆਂ ਅਤੇ ਸਟਾਫ਼ ਪਾਸੋਂ ਫੀਡਬੈਕ ਪ੍ਰਾਪਤ ਕੀਤੀ।
ਡਾ. ਪ੍ਰੀਤੀ ਯਾਦਵ ਨੇ ਕਰੈੱਚ ਦਾ ਨਿਰੀਖਣ ਕਰਨ ਉਪਰੰਤ ਕਿਹਾ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਕੰਮ ਕਰਦੀਆਂ ਮੁਲਾਜ਼ਮ ਮਾਵਾਂ ਲਈ ਇਹ ਕਰੈੱਚ ਬੱਚਿਆਂ ਦੀ ਸੰਭਾਲ ਲਈ ਇਕ ਚੰਗਾ ਵਿਕਲਪ ਹੈ, ਜਿੱਥੇ ਉਹ ਆਪਣੇ ਛੋਟੇ ਬੱਚਿਆਂ ਨੂੰ ਆਪਣੇ ਨੇੜੇ ਹੀ ਰੱਖ ਸਕਦੀਆਂ ਹਨ ਅਤੇ ਆਪਣੀ ਨੌਕਰੀ ਵੀ ਚਿੰਤਾ ਮੁਕਤ ਹੋ ਕੇ ਕਰ ਸਕਦੀਆਂ ਹਨ। ਉਨ੍ਹਾਂ ਨੌਕਰੀ ਕਰਦੀਆਂ ਮਾਵਾਂ ਨੂੰ ਕਰੈੱਚ ਦੀ ਵਰਤੋਂ ਜ਼ਰੂਰਤ ਅਨੁਸਾਰ ਕਰਨ ਦੀ ਅਪੀਲ ਕੀਤੀ।
ਇਸ ਕਰੈੱਚ ’ਚ ਬੱਚਿਆਂ ਦੀ ਨਿਗਰਾਨੀ ਲਈ ਸੁਪਰਵਾਈਜ਼ਰ ਤੇ ਸੁਰੱਖਿਆ ਵਜੋਂ ਸੀ. ਸੀ. ਟੀ. ਵੀ. ਕੈਮਰੇ ਅਤੇ ਗਾਰਡ ਦੇ ਇੰਤਜ਼ਾਮ ਸਮੇਤ ਖੇਡਣ ਲਈ ਖਿਡੌਣੇ, ਬਾਥਰੂਮ, ਪੈਂਟਰੀ ਆਦਿ ਦੇ ਪ੍ਰਬੰਧ ਹਨ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ।