18 ਮਈ 2026: ਭਾਰਤੀ ਮੂਲ ਦੇ ਤੁਸ਼ਾਰ ਕੁਮਾਰ ਨੇ ਬ੍ਰਿਟਿਸ਼ ਰਾਜਨੀਤੀ ਵਿੱਚ ਇਤਿਹਾਸ ਰਚਿਆ ਹੈ। ਲੇਬਰ ਪਾਰਟੀ ਦੇ ਕੌਂਸਲਰ ਤੁਸ਼ਾਰ (23) ਨੂੰ ਹਰਟਫੋਰਡਸ਼ਾਇਰ ਵਿੱਚ ਐਲਸਟ੍ਰੀ ਅਤੇ ਬੋਰਹੈਮਵੁੱਡ ਟਾਊਨ ਦਾ ਮੇਅਰ ਨਿਯੁਕਤ ਕੀਤਾ ਗਿਆ ਹੈ। ਉਹ ਬ੍ਰਿਟਿਸ਼ ਇਤਿਹਾਸ ਵਿੱਚ ਭਾਰਤੀ ਮੂਲ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਬਣ ਗਏ ਹਨ।
ਇਹ ਨਿਯੁਕਤੀ ਫੇਅਰਵੇ ਹਾਲ ਵਿਖੇ ਆਯੋਜਿਤ “ਮੇਅਰ ਮੇਕਿੰਗ ਸੈਰੇਮਨੀ” ਦੌਰਾਨ ਹੋਈ, ਜਿੱਥੇ ਸਥਾਨਕ ਨੇਤਾਵਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਤੁਸ਼ਾਰ ਕੁਮਾਰ ਬਹੁਤ ਛੋਟੀ ਉਮਰ ਵਿੱਚ ਰਾਜਨੀਤੀ ਵਿੱਚ ਆਏ ਸਨ। ਉਹ ਪਹਿਲੀ ਵਾਰ ਸਿਰਫ਼ 20 ਸਾਲ ਦੀ ਉਮਰ ਵਿੱਚ ਕੌਂਸਲਰ ਚੁਣੇ ਗਏ ਸਨ। ਬਾਅਦ ਵਿੱਚ ਉਨ੍ਹਾਂ ਨੇ ਡਿਪਟੀ ਮੇਅਰ ਵਜੋਂ ਸੇਵਾ ਨਿਭਾਈ।
ਉਨ੍ਹਾਂ ਨੇ ਕਿੰਗਜ਼ ਕਾਲਜ ਲੰਡਨ ਵਿੱਚ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕੀਤੀ। ਤੁਸ਼ਾਰ ਆਪਣੀ ਮਾਂ, ਪਰਵੀਨ ਰਾਣੀ ਨੂੰ ਜਨਤਕ ਜੀਵਨ ਅਤੇ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਤ ਕਰਨ ਦਾ ਸਿਹਰਾ ਦਿੰਦੇ ਹਨ। ਮੇਅਰ ਬਣਨ ਤੋਂ ਬਾਅਦ, ਤੁਸ਼ਾਰ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ ‘ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ।
ਉਨ੍ਹਾਂ ਲਿਖਿਆ ਕਿ 23 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਮੇਅਰ ਬਣਨਾ “ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ” ਹੈ। ਉਨ੍ਹਾਂ ਕਿਹਾ ਕਿ ਸਥਾਨਕ ਵਲੰਟੀਅਰ ਬਣਨ ਤੋਂ ਲੈ ਕੇ ਮੇਅਰ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਬਹੁਤ ਪ੍ਰੇਰਨਾਦਾਇਕ ਰਿਹਾ ਹੈ।
