ਗੱਤਕਾ ਚੈਂਪੀਅਨਸ਼ਿਪ

ਕੋਟਕਪੂਰਾ ਵਿਖੇ 12ਵੀਂ ਸਟੇਟ ਗੱਤਕਾ ਚੈਂਪੀਅਨਸ਼ਿਪ (ਲੜਕੀਆਂ) ਦਾ ਸ਼ਾਨਦਾਰ ਆਗਾਜ਼

ਪੰਜਾਬ ਦੇ 11 ਜ਼ਿਲ੍ਹਿਆਂ ਦੀਆਂ 250 ਤੋਂ ਵੱਧ ਖਿਡਾਰਨਾਂ ਦਿਖਾਉਣਗੀਆਂ ਜੌਹਰ; ਜਥੇਦਾਰ ਮੰਡ ਵੱਲੋਂ 2 ਲੱਖ ਦੀ ਗ੍ਰਾਂਟ ਦਾ ਐਲਾਨ

ਕੋਟਕਪੂਰਾ, 2 ਮਈ : ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਅਤੇ ਜ਼ਿਲ੍ਹਾ ਫਰੀਦਕੋਟ ਇਕਾਈ ਦੇ ਸਾਂਝੇ ਸਹਿਯੋਗ ਨਾਲ ’12ਵੀਂ ਸਟੇਟ ਗੱਤਕਾ ਚੈਂਪੀਅਨਸ਼ਿਪ (ਲੜਕੀਆਂ)’ ਦਾ ਉਦਘਾਟਨ ਅੱਜ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ਼ ਵਿਖੇ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਅਰਦਾਸ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਹੋਈ, ਜਿੱਥੇ ਖਿਡਾਰੀਆਂ ਅਤੇ ਰੈਫਰੀ ਕੌਂਸਲ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਨਿਰਪੱਖਤਾ ਦੀ ਸਹੁੰ ਚੁਕਾਈ ਗਈ।

ਇਸ ਰਾਜ ਪੱਧਰੀ ਮੁਕਾਬਲੇ ਦਾ ਉਦਘਾਟਨ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਬੁੱਧ ਦਲ ਦੇ ਹੈੱਡ ਗ੍ਰੰਥੀ ਗਿਆਨੀ ਸ਼ਮਸ਼ੇਰ ਸਿੰਘ, ਐਸ.ਜੀ.ਪੀ.ਸੀ. ਦੇ ਜਨਰਲ ਸਕੱਤਰ ਜਥੇਦਾਰ ਸ਼ੇਰ ਸਿੰਘ ਮੰਡ ਅਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਸਾਂਝੇ ਤੌਰ ‘ਤੇ ਕੀਤਾ। ਕਾਲਜ ਦੇ ਐਮ.ਡੀ. ਡਾ. ਪ੍ਰੀਤਮ ਸਿੰਘ ਛੋਕਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।

ਇਹ ਚੈਂਪੀਅਨਸ਼ਿਪ ਡਾ. ਮਨਜੀਤ ਸਿੰਘ ਢਿੱਲੋਂ (ਪ੍ਰਧਾਨ ਜ਼ਿਲ੍ਹਾ ਫਰੀਦਕੋਟ), ਚੇਅਰਮੈਨ ਕੁਲਤਾਰ ਸਿੰਘ ਬਰਾੜ, ਹਰਬੀਰ ਸਿੰਘ ਦੁੱਗਲ, ਤਲਵਿੰਦਰ ਸਿੰਘ (ਪ੍ਰਧਾਨ ਗੱਤਕਾ ਐਸੋਸੀਏਸ਼ਨ ਪੰਜਾਬ), ਨਰਿੰਦਰਪਾਲ ਸਿੰਘ ਪਾਰਸ ਅਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ।

ਜਥੇਦਾਰ ਸ਼ੇਰ ਸਿੰਘ ਮੰਡ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਚੈਂਪੀਅਨਸ਼ਿਪ ਲਈ 2 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਦੋਵੇਂ ਦਿਨ ਲੰਗਰ ਦੀ ਸੇਵਾ ਨਿਰੰਤਰ ਜਾਰੀ ਰੱਖਣ ਦੀ ਗੱਲ ਕਹੀ। ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਪ੍ਰਾਚੀਨ ਸਿੱਖ ਮਾਰਸ਼ਲ ਆਰਟ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਹੈ।ਮਨਤਾਰ ਸਿੰਘ ਬਰਾੜ ਨੇ ਲੜਕੀਆਂ ਨੂੰ ਸਵੈ-ਰੱਖਿਆ ਲਈ ਗੱਤਕੇ ਦੀ ਸਿਖਲਾਈ ਦੇਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਡਾ. ਢਿੱਲੋਂ ਦੀਆਂ ਸੇਵਾਵਾਂ ਨੂੰ ਸਲਾਹਿਆ।

ਇਹ ਦੋ ਰੋਜ਼ਾ ਮੁਕਾਬਲਾ ਐਤਵਾਰ, 3 ਮਈ ਨੂੰ ਸਵੇਰੇ 10:00 ਵਜੇ ਸਮਾਪਤ ਹੋਵੇਗਾ। ਸਮਾਪਤੀ ਸਮਾਰੋਹ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ।

Read More :ਮਹਿਲਾ ਟੀ-20 ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ; ਹਰਮਨਪ੍ਰੀਤ ਕੌਰ ਸੰਭਾਲੇਗੀ ਕਪਤਾਨੀ

Leave a Reply

Your email address will not be published. Required fields are marked *