ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਹੋਣ ਮਗਰੋਂ ਪਾਠਕ ਘਰ ਦੇ ਪਿਛਲੇ ਦਰਵਾਜ਼ੇ ਤੋਂ ਹੋਏ ਗਾਇਬ
ਚੰਡੀਗੜ੍ਹ, 2 ਮਈ : ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਖ਼ਿਲਾਫ਼ ਪੰਜਾਬ ’ਚ 2 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਹ ਕੇਸ ਭ੍ਰਿਸ਼ਟਾਚਾਰ ਅਤੇ ਸ਼ੋਸ਼ਣ ਵਰਗੀਆਂ ਗੰਭੀਰ ਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦਰਜ ਕੀਤੇ ਗਏ ਹਨ। ਕੇਸ ਦਰਜ ਹੋਣ ਦੀ ਖ਼ਬਰ ਮਿਲਦਿਆਂ ਹੀ ਸੰਦੀਪ ਪਾਠਕ ਦਿੱਲੀ ਸਥਿਤ ਆਪਣੇ ਨਿਵਾਸ ਤੋਂ ਪਿਛਲੇ ਦਰਵਾਜ਼ੇ ਰਾਹੀਂ ਗਾਇਬ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਹੋਰ ਰਾਜ ਸਭਾ ਮੈਂਬਰ ਦੀ ਪੰਜਾਬ ਨੰਬਰ ਵਾਲੀ ਗੱਡੀ ’ਚ ਬੈਠ ਕੇ ਰਵਾਨਾ ਹੋਏ ਹਨ।
ਦੋ ਜ਼ਿਲਿਆਂ ’ਚ ਦਰਜ ਹੋਏ ਕੇਸ
ਪੁਲਸ ਸੂਤਰਾਂ ਅਨੁਸਾਰ, ਪਾਠਕ ਦੀ ਜਲਦ ਗ੍ਰਿਫ਼ਤਾਰੀ ਹੋ ਸਕਦੀ ਹੈ। ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਖ਼ਿਲਾਫ਼ ਪੰਜਾਬ ਦੇ ਦੋ ਵੱਖ-ਵੱਖ ਜ਼ਿਲਿਆਂ ’ਚ ਮਾਮਲੇ ਦਰਜ ਹਨ। ਇਹ ਕਾਰਵਾਈ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਪਾਠਕ ਨੇ ਰਾਘਵ ਚੱਢਾ ਸਮੇਤ 6 ਹੋਰ ਰਾਜ ਸਭਾ ਮੈਂਬਰਾਂ ਨਾਲ ‘ਆਪ’ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ। ਇਸ ਘਟਨਾਕ੍ਰਮ ਨੇ ਸੂਬੇ ਦੀ ਰਾਜਨੀਤੀ ’ਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਦਿੱਲੀ ਨਿਵਾਸ ਦੇ ਬਾਹਰ ਸੁਰੱਖਿਆ ਸਖ਼ਤ
ਪੰਜਾਬ ਪੁਲਸ ਦੀ ਇਕ ਟੀਮ ਪਾਠਕ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪਹੁੰਚੀ ਸੀ, ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਵੀ ਇਲਾਕੇ ਦੀ ਘੇਰਾਬੰਦੀ ਕਰਕੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਹਾਲਾਂਕਿ, ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਪਾਠਕ ਉੱਥੋਂ ਨਿਕਲਣ ’ਚ ਕਾਮਯਾਬ ਹੋ ਗਏ। ਫਿਲਹਾਲ ਪੁਲਸ ਨੇ ਇਨ੍ਹਾਂ ਦੋਸ਼ਾਂ ਦੇ ਵਿਸਤ੍ਰਿਤ ਵੇਰਵਿਆਂ ਅਤੇ ਸ਼ਿਕਾਇਤਕਰਤਾਵਾਂ ਦੇ ਨਾਮ ਗੁਪਤ ਰੱਖੇ ਹੋਏ ਹਨ।
Read More : ਸਕੂਲ ’ਚ ਮਿਲੀ ਸਜ਼ਾ ਤੋਂ ਪ੍ਰੇਸ਼ਾਨ ਵਿਦਿਆਰਥੀ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
