ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਦੇਸ਼ ਭਰ ‘ਚ ਮਹਿੰਗੇ ਹੋਏ ਵਪਾਰਕ ਸਿਲੰਡਰ, ਘਰੇਲੂ ਗੈਸ ਦੀਆਂ ਕੀਮਤਾਂ ਸਥਿਰ
ਨਵੀਂ ਦਿੱਲੀ, 1 ਮਈ : ਮਈ ਮਹੀਨੇ ਦੇ ਪਹਿਲੇ ਦਿਨ ਆਮ ਜਨਤਾ ਅਤੇ ਵਪਾਰੀਆਂ ਨੂੰ ਮਹਿੰਗਾਈ ਦਾ ਜ਼ੋਰਦਾਰ ਝਟਕਾ ਲੱਗਾ ਹੈ। ਤੇਲ ਮਾਰਕੀਟਿੰਗ ਕੰਪਨੀਆਂ, ਖਾਸ ਕਰਕੇ ਇੰਡੀਅਨ ਆਇਲ ਕਾਰਪੋਰੇਸ਼ਨ (IOC) ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਤੱਕ ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਹ ਨਵੀਆਂ ਦਰਾਂ ਅੱਜ 1 ਮਈ 2026 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਦਿੱਲੀ ਵਿੱਚ ਹੁਣ ਵਪਾਰਕ ਸਿਲੰਡਰ 2,078.50 ਰੁਪਏ ਦੀ ਬਜਾਏ 3,071.50 ਰੁਪਏ ਵਿੱਚ ਮਿਲੇਗਾ। ਸਭ ਤੋਂ ਵੱਡਾ ਵਾਧਾ ਕੋਲਕਾਤਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ 994 ਰੁਪਏ ਦੇ ਵਾਧੇ ਨਾਲ ਸਿਲੰਡਰ ਦੀ ਕੀਮਤ 3,202 ਰੁਪਏ ਹੋ ਗਈ ਹੈ। ਮੁੰਬਈ ਵਿੱਚ ਇਹ ਕੀਮਤ 2,031 ਰੁਪਏ ਤੋਂ ਵੱਧ ਕੇ 3,024 ਰੁਪਏ ਅਤੇ ਚੇਨਈ ਵਿੱਚ 3,237 ਰੁਪਏ ਤੱਕ ਪਹੁੰਚ ਗਈ ਹੈ।
ਇਸ ਦੌਰਾਨ ਰਾਹਤ ਵਾਲੀ ਗੱਲ ਇਹ ਰਹੀ ਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਸਿਲੰਡਰ ਆਪਣੀ ਪੁਰਾਣੀ ਦਰ 913 ਰੁਪਏ ‘ਤੇ ਹੀ ਉਪਲਬਧ ਰਹੇਗਾ। ਸਥਾਨਕ ਪੱਧਰ ‘ਤੇ ਗੱਲ ਕਰੀਏ ਤਾਂ ਜਲੰਧਰ ਵਿੱਚ 14.2 ਕਿਲੋਗ੍ਰਾਮ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਲਗਭਗ 946.00 ਰੁਪਏ ਚੱਲ ਰਹੀ ਹੈ।
ਤੇਲ ਕੰਪਨੀਆਂ ਵੱਲੋਂ ਕੀਤੇ ਗਏ ਇਸ ਵਾਧੇ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਖਾਣਾ ਮਹਿੰਗਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Read More : ਪੰਜਾਬ ‘ਚ ਫਿਰ ਬਦਲੇਗਾ ਮੌਸਮ ਦਾ ਮਿਜ਼ਾਜ: ਤੂਫ਼ਾਨ ਤੇ ਮੀਂਹ ਦੀ ਚਿਤਾਵਨੀ, ਯੈਲੋ ਅਲਰਟ ਜਾਰੀ
