ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲੇ ‘ਚ ਤਾਇਨਾਤ ਸੀ
ਬਟਾਲਾ :- ਕਸਬਾ ਕਲਾਨੌਰ ਦੇ ਹੌਲਦਾਰ ਮਲਕੀਤ ਸਿੰਘ, ਜੋ ਕਿ ਫੌਜ ਦੀ 1 ਐੱਫ.ਓ.ਡੀ ਯੂਨਿਟ ‘ਚ ਡਿਊਟੀ ਨਿਭਾ ਰਿਹਾ ਸੀ ਅਤੇ ਇਨ੍ਹਾਂ ਦਿਨਾਂ ’ਚ ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲੇ ‘ਚ ਤਾਇਨਾਤ ਸੀ ਅਤੇ ਗਸ਼ਤ ਦੇ ਦੌਰਾਨ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਨਾਲ ਭਾਰਤ ਮਾਤਾ ਦਾ ਇਹ ਵੀਰ ਜਵਾਨ ਸ਼ਹੀਦ ਹੋ ਗਿਆ। ਹੌਲਦਾਰ ਮਲਕੀਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਸੁਣਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।
ਉਹ ਆਪਣੇ ਪਿੱਛੇ ਆਪਣੀ ਮਾਤਾ ਮਨਜੀਤ ਕੌਰ, ਪਤਨੀ ਨਵਨੀਤ ਕੌਰ, ਚਾਰ ਸਾਲ ਦੀ ਬੇਟੀ ਅਵਨੀਤ ਕੌਰ, ਦਾਦਾ ਕਰਨੈਲ ਸਿੰਘ ਅਤੇ ਛੋਟਾ ਭਰਾ ਨਾਇਕ ਕੁਲਦੀਪ ਸਿੰਘ ਜੋ ਕਿ ਸੈਨਾ ਦੀ 8 ਸਿੱਖ ਰੈਜੀਮੇਂਟ ‘ਚ ਕਸ਼ਮੀਰ ‘ਚ ਹੀ ਤਾਇਨਾਤ ਹੈ, ਨੂੰ ਛੱਡ ਗਿਆ ਹੈ।
ਪੁੱਤਰ ਦੀ ਕੁਰਬਾਨੀ ਦੀ ਖ਼ਬਰ ਸੁਣਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਾ ਗਿਆ ਅਤੇ ਪੱਥਰ ਦੀ ਮੂਰਤ ਬਣੀ ਮਾਂ ਮਨਜੀਤ ਕੌਰ ਅਤੇ ਪਤਨੀ ਨਵਨੀਤ ਕੌਰ ਮਲਕੀਤ ਸਿੰਘ ਦੇ ਆਉਣ ਦੀ ਰਾਹ ਦੇਖ ਰਹੀਆਂ ਹਨ।
ਜਾਣਕਾਰੀ ਅਨਸਾਰ ਸ਼ਹੀਦ ਦੀ ਮ੍ਰਿਤਕ ਦੇਹ ਐਤਵਾਰ ਨੂੰ ਕਲਾਨੌਰ ਵਿਖੇ ਪੁੱਜ ਜਾਵੇਗੀ ਜਿੱਥੇ ਉਸਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

