ਘੁਮਾਣ

ਭੋਮਾ ‘ਚ ਖੂਨੀ ਖੇਡ, ਸੈਰ ਕਰ ਰਹੇ ਤਿੰਨ ਨੌਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ, 2 ਦੀ ਮੌਤ

ਇਕ ਜ਼ਖਮੀ; ਬਾਈਕ ਸਵਾਰ ਹਮਲਾਵਰ ਮੌਕੇ ਤੋਂ ਫਰਾਰ; ਐਸ.ਐਸ.ਪੀ. ਮੌਕੇ ‘ਤੇ ਪਹੁੰਚੇ

ਬਟਾਲਾ, 28 ਅਪ੍ਰੈਲ : ਬਟਾਲਾ ਦੇ ਅਧੀਨ ਆਉਂਦੇ ਪਿੰਡ ਭੋਮਾ ਵਿਖੇ ਸੋਮਵਾਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸੈਰ ਕਰ ਰਹੇ ਤਿੰਨ ਲੋਕਾਂ ‘ਤੇ ਬਾਈਕ ਸਵਾਰ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਕਸ਼ਮੀਰ ਸਿੰਘ (38) ਅਤੇ ਜੁਗਰਾਜ ਸਿੰਘ (20) ਵਜੋਂ ਹੋਈ ਹੈ, ਜੋ ਪਿੰਡ ਭੋਮਾ ਦੇ ਹੀ ਰਹਿਣ ਵਾਲੇ ਸਨ। ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਇੱਕ ਹੋਰ ਨੌਜਵਾਨ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਜੁਗਰਾਜ ਸਿੰਘ ਦੇ ਪਿਤਾ ਸਾਬੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੁਗਰਾਜ ਸਿੰਘ ਇੱਕ ਹੋਣਹਾਰ ਕਬੱਡੀ ਖਿਡਾਰੀ ਸੀ ਅਤੇ ਉਹ ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸ਼ਾਮ ਕਰੀਬ 8:30 ਵਜੇ ਪੇਰੋਸ਼ਾਹ ਰੋਡ ‘ਤੇ ਸੈਰ ਕਰਨ ਲਈ ਨਿਕਲਿਆ ਸੀ। ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਦੀਆਂ ਲਾਸ਼ਾਂ ਪਈਆਂ ਸਨ, ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੀ ਜੋ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਹਰਕਤ ਵਿੱਚ ਆ ਗਈ। ਐਸ.ਐਸ.ਪੀ. ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਅਤੇ ਥਾਣਾ ਘੁਮਾਣ ਦੇ ਐਸ.ਐਚ.ਓ. ਸਮੇਤ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Read More : ‘ਆਪ’ ਨੇ ਵਿਧਾਇਕਾਂ ਤੇ ਆਗੂਆਂ ਦੀ ਸੱਦੀ ਮੀਟਿੰਗ, ਕੱਲ੍ਹ ਜਲੰਧਰ ‘ਚ ਹੋਵੇਗਾ ਮੰਥਨ

Leave a Reply

Your email address will not be published. Required fields are marked *