ਗੁਰਦਾਸਪੁਰ

ਗੁਰਦਾਸਪੁਰ ’ਚ 8 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਮੁੱਖ ਮੁਲਜ਼ਮ ਕਾਬੂ

ਮੁਲਜ਼ਮ ਗੋਲੀ ਵਿਰੁੱਧ ਪਹਿਲਾਂ ਹੀ ਦਰਜ ਹਨ 17 ਮਾਮਲੇ : ਐੱਸ.ਐੱਸ.ਪੀ. ਆਦਿੱਤਿਆ

ਗੁਰਦਾਸਪੁਰ, 27 ਅਪ੍ਰੈਲ : ਗੁਰਦਾਸਪੁਰ ਜ਼ਿਲਾ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ 5 ਮਾਰਚ, 2026 ਨੂੰ ਸ਼ਹਿਰ ’ਚ ਹੋਈ ਲਗਭਗ 8 ਕਰੋੜ ਰੁਪਏ ਦੀ ਡਕੈਤੀ ਦੀ ਗੁੱਥੀ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਲੀ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀ ਵਜੋਂ ਹੋਈ ਹੈ। ਇਸ ਮਾਮਲੇ ’ਚ ਚਾਰ ਮੁਲਜ਼ਮ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ।

ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜੇਲ੍ਹ ਰੋਡ ਸਥਿਤ ਪੁੱਡਾ ਕਾਲੋਨੀ ਦੇ ਵਸਨੀਕ ਵਰੁਣ ਸਰਾਫ਼ ਨੇ ਸ਼ਿਕਾਇਤ ਦਿੱਤੀ ਸੀ ਕਿ 5 ਮਾਰਚ ਦੀ ਸਵੇਰ ਪੰਜ-ਛੇ ਹਥਿਆਰਬੰਦ ਵਿਅਕਤੀ ਉਸ ਦੇ ਘਰ ’ਚ ਦਾਖਲ ਹੋਏ ਅਤੇ ਪਰਿਵਾਰ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ ’ਤੇ ਤਿਜੋਰੀਆਂ ਵਿੱਚੋਂ ਨਕਦੀ ਅਤੇ ਗਹਿਣੇ ਲੁੱਟ ਲਏ। ਪਰਿਵਾਰ ਅਨੁਸਾਰ ਲੁਟੇਰੇ 8 ਕਰੋੜ ਦੀ ਨਕਦੀ ਤੇ ਗਹਿਣਿਆਂ ਤੋਂ ਇਲਾਵਾ ਮੋਬਾਈਲ ਫ਼ੋਨ ਅਤੇ ਕਾਰ ਵੀ ਖੋਹ ਕੇ ਲੈ ਗਏ ਸਨ।

ਐੱਸ.ਐੱਸ.ਪੀ. ਨੇ ਦੱਸਿਆ ਕਿ ਪਹਿਲਾਂ ਫੜੇ ਗਏ ਚਾਰ ਮੁਲਜ਼ਮਾਂ ਕੋਲੋਂ 32 ਲੱਖ ਰੁਪਏ ਨਕਦ ਸਮੇਤ ਕੁੱਲ 2 ਕਰੋੜ 50 ਲੱਖ ਰੁਪਏ ਦੀ ਬਰਾਮਦਗੀ ਹੋ ਚੁੱਕੀ ਹੈ। ਮੁੱਖ ਮੁਲਜ਼ਮ ਗੁਰਪ੍ਰੀਤ ਗੋਲੀ, ਜੋ ਲੰਬੇ ਸਮੇਂ ਤੋਂ ਫ਼ਰਾਰ ਸੀ, ’ਤੇ ਪਹਿਲਾਂ ਹੀ ਕਤਲ, ਇਰਾਦਾ-ਏ-ਕਤਲ, ਡਕੈਤੀ ਅਤੇ ਫ਼ਿਰੌਤੀ ਵਰਗੇ 17 ਗੰਭੀਰ ਮੁਕੱਦਮੇ ਦਰਜ ਹਨ।

ਪੁੱਛਗਿੱਛ ਦੌਰਾਨ ਮੁਲਜ਼ਮ ਦਾ ਦਾਅਵਾ ਹੈ ਕਿ ਲੁੱਟੀ ਗਈ ਰਕਮ ਇੰਨੀ ਜ਼ਿਆਦਾ ਨਹੀਂ ਸੀ ਜਿੰਨੀ ਪੀੜਤ ਪਰਿਵਾਰ ਵੱਲੋਂ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ।

Read More : 1 ਮਈ ਤੋਂ ਬਾਅਦ ਪੰਜਾਬ ‘ਚ ਨਹੀਂ ਲੱਗਣਗੇ ਬਿਜਲੀ ਦੇ ਕੱਟ : ਸੰਜੀਵ ਅਰੋੜਾ

Leave a Reply

Your email address will not be published. Required fields are marked *