ਪਿੰਡ ਬੱਲੜਵਾਲ ਦਾ ਪਰਿਵਾਰ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਿਹਾ ਸੀ ਭੱਟੀ, ਰਸਤੇ ’ਚ ਵਾਪਰਿਆ ਕਹਿਰ
ਬਟਾਲਾ, 27 ਅਪ੍ਰੈਲ : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਘੁਮਾਣ ’ਚ ਪੈਂਦੇ ਪਿੰਡ ਬੱਲੜਵਾਲ ਦੇ ਵਸਨੀਕ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਸੜਕ ਹਾਦਸੇ ’ਚ ਮੌਤ ਹੋਣ ਦਾ ਅੱਤ ਦੁਖਦਾਇਕ ਸਮਾਚਾਰ ਮਿਲਿਆ ਹੈ।
ਇਕੱਤਰ ਕੀਤੀ ਜਾਣਕਾਰੀ ਮੁਤਾਬਕ ਰੇਸ਼ਮ ਸਿੰਘ ਵਾਸੀ ਪਿੰਡ ਬੱਲੜਵਾਲ ਆਪਣੀ ਪਤਨੀ ਸੀਮਾ ਅਤੇ ਬੇਟੀ ਕੰਵਲਦੀਪ ਕੌਰ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਭੱਟੀ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਿਹਾ ਸੀ। ਜਦੋਂ ਇਹ ਤਿੰਨੋਂ ਜਣੇ ਮਹਿਤਾ ਰੋਡ ’ਤੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਹਾਦਸੇ ’ਚ ਰੇਸ਼ਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਾਂ-ਧੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ। ਇਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦਿਆਂ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਰੈਫ਼ਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਸੀਮਾ ਅਤੇ ਕੰਵਲਦੀਪ ਕੌਰ ਦੀ ਵੀ ਮੌਤ ਹੋ ਗਈ।
ਜਿਉਂ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਘਰ ’ਚ ਚੀਕ-ਚਿਹਾੜਾ ਮਚ ਗਿਆ ਅਤੇ ਪੂਰੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ। ਘਟਨਾ ਬਾਰੇ ਪਤਾ ਚੱਲਦਿਆਂ ਹੀ ਸਬੰਧਤ ਥਾਣੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
Read More : 1 ਮਈ ਤੋਂ ਬਾਅਦ ਪੰਜਾਬ ‘ਚ ਨਹੀਂ ਲੱਗਣਗੇ ਬਿਜਲੀ ਦੇ ਕੱਟ : ਸੰਜੀਵ ਅਰੋੜਾ
