5.40 ਲੱਖ ਦੀ ਡਰੱਗ ਮਨੀ ਅਤੇ 1 ਕਿਲੋ 900 ਗ੍ਰਾਮ ਹੈਰੋਇਨ ਸਮੇਤ 6 ਗ੍ਰਿਫਤਾਰ
ਮਾਨਸਾ ਪੁਲਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਦੋ ਕੇਸਾਂ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕਰ ਕੇ 5 ਲੱਖ 40 ਹਜ਼ਾਰ ਦੀ ਡਰੱਗ ਮਨੀ ਅਤੇ 1 ਕਿਲੋ 900 ਗ੍ਰਾਮ ਹੈਰੋਇਨ ਤੋਂ ਇਲਾਵਾ ਇਕ ਸਕੌਡਾ ਕਾਰ ਅਤੇ ਇਕ ਮੋਟਰਸਾਈਕਲ ਬਰਾਮਦ ਕੀਤੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਾਨਸਾ ਪੁਲਸ ਨੇ ਨਸ਼ੇ ਖਿਲਾਫ ਕਾਰਵਾਈ ਕਰਦੇ ਐੱਸ. ਪੀ. ਮਨਮੋਹਨ ਸਿੰਘ ਔਲਖ, ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਦੀ ਦੇਖ ਰੇਖ ’ਚ ਇੰਸਪੈਕਟਰ ਜਗਦੀਸ਼ ਸ਼ਰਮਾ ਇੰਚਾਰਜ ਸੀ. ਆਈ. ਏ. ਸਟਾਫ ਦੀ ਅਗਵਾਈ ’ਚ ਐੱਸ. ਆਈ. ਲੱਖਾ ਸਿੰਘ ਸੀ.ਆਈ. ਏ. ਸਟਾਫ ਵੱਲੋਂ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਨਹਿਰੂ ਮੈਮੋਰੀਅਲ ਕਾਲਜ ਦੀ ਬੈਕ ਸਾਈਡ ਲਿੰਕ ਸੜਕ ’ਤੇ ਬਬਨਦੀਪ ਸਿੰਘ ਉਰਫ ਬੱਬੂ ਅਤੇ ਬਲਕਾਰ ਸਿੰਘ ਉਰਫ ਪੋਪੀ ਵਾਸੀ ਲੇਲੇਵਾਲਾ ਨੂੰ 50 ਗ੍ਰਾਮ ਹੈਰੋਇਨ ਸਮੇਤ ਸਪਲੈਂਡਰ ਮੋਟਰਸਾਈਕਲ ਨੂੰ ਕਾਬੂ ਕਰ ਕੇ ਥਾਣਾ ਸਿਟੀ 2 ’ਚ ਮਾਮਲਾ ਦਰਜ ਕੀਤਾ ਗਿਆ।
ਪੁੱਛਗਿੱਛ ਦੌਰਾਨ ਫੜੇ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਉਕਤ ਹੈਰੋਇਨ ਉਹ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਬੀਰੋਕੇ ਖੁਰਦ ਤੋਂ ਲੈ ਕੇ ਆਏ ਸੀ, ਜਿਸ ’ਤੇ ਗੁਰਸੇਵਕ ਸਿੰਘ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਦੇ 24 ਜਨਵਰੀ ਨੂੰ ਐੱਸ. ਆਈ. ਲੱਖਾ ਸਿੰਘ ਸੀ. ਆਈ. ਏ. ਸਟਾਫ ਮਾਨਸਾ ਨੇ ਪੁਲਸ ਪਾਰਟੀ ਨਾਲ ਗੁਰਸੇਵਕ ਸਿੰਘ ਉਰਫ ਸੇਵਕ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ 1 ਕਿੱਲੋ 700 ਗ੍ਰਾਮ ਹੈਰੋਇਨ ਸਮੇਤ 5 ਲੱਖ 40 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਜਾਂਚ ਦੌਰਾਨ ਗੁਰਸੇਵਕ ਸਿੰਘ ਉਰਫ ਸੇਵਕ ਦਾ ਪੰਜਾਬ ਨੈਸ਼ਨਲ ਬੈਂਕ ਬੋੜਾਵਾਲ ਦੇ ਖਾਤੇ ’ਚ 25 ਲੱਖ ਰੁਪਏ ਜਮ੍ਹਾ ਹੋਣ ਬਾਰੇ ਪਤਾ ਚੱਲਿਆ ਹੈ, ਜਿਸ ਨੂੰ ਵੀ ਕਾਨੂੰਨ ਅਨੁਸਾਰ ਫਰੀਜ਼ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਐੱਸ. ਆਈ. ਰਜਿੰਦਰ ਸਿੰਘ ਸੀ. ਆਈ. ਏ. ਸਟਾਫ ਮਾਨਸਾ ਨੇ ਪੁਲਸ ਪਾਰਟੀ ਨਾਲ 24 ਜਨਵਰੀ ਨੂੰ ਬੀਰੋਕੇ ਖੁਰਦ ਕੋਲ ਸਾਹਮਣੇ ਤੋਂ ਆ ਰਹੀ ਸਕੌਡਾ ਕਾਰ ’ਚ ਬੈਠੇ 3 ਵਿਅਕਤੀਆਂ ਸੁਖਰਾਜ ਸਿੰਘ ਉਰਫ ਬਿੱਲਾ ਪੁੱਤਰ ਜਗਜੀਤ ਸਿੰਘ ਵਾਸੀ ਨਜਦੀਕ ਮਾਤਾ ਰਾਣੀ ਮੰਦਰ ਜਵੱਦੀ ਕਲਾਂ ਲੁਧਿਆਣਾ, ਦੁਪਿੰਦਰ ਸਿੰਘ ਉਰਫ ਰਾਜ ਪੁੱਤਰ ਗੁਰਮੇਲ ਸਿੰਘ ਵਾਸੀ ਜੋਧਾ ਲੁਧਿਆਣਾ, ਸਮੇਤ ਸ਼ਰਮਾ ਉਰਫ ਤਰੁਣ ਪੁੱਤਰ ਗੌਰਵ ਸ਼ਰਮਾ ਵਾਸੀ ਨਜ਼ਦੀਕ ਬਾਵਾ ਟੈਲੀਕਾਮ ਪ੍ਰਤਾਪ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਾਬੂ ਕਰ ਕੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਖਿਲਾਫ ਥਾਣਾ ਸਦਰ ਬੁਢਲਾਡਾ ’ਚ ਮਾਮਲਾ ਦਰਜ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਿਅਕਤੀ ਨੇ ਨਸ਼ੇ ਵਾਲਾ ਪਦਾਰਥ ਮੋਗਾ ਜ਼ਿਲੇ ਦੇ ਕਿਸੇ ਵਿਅਕਤੀ ਤੋਂ ਲਿਆਂਦਾ ਸੀ ਜੋ ਅੱਗੇ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਵਾਸੀ ਬੀਰੋਕੇ ਖੁਰਦ ਨੂੰ ਸਪਲਾਈ ਕਰਦੇ ਸਨ।
