ਰਿੰਕੂ ਸਿੰਘ ਦੀ ਪਾਰੀ ਰਹੀ ਸਭ ਤੋਂ ਅਹਿਮ
ਲਖਨਊ, 27 ਅਪ੍ਰੈਲ : ਆਈਪੀਐਲ 2026 ਦੇ 38ਵੇਂ ਮੁਕਾਬਲੇ ਵਿੱਚ ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ ਮੈਚ ਦਰਸ਼ਕਾਂ ਲਈ ਯਾਦਗਾਰੀ ਰਿਹਾ।
ਬੇਹੱਦ ਰੋਮਾਂਚਕ ਮੋੜ ਤੋਂ ਬਾਅਦ ਇਹ ਮੁਕਾਬਲਾ ਸੁਪਰ ਓਵਰ ਤੱਕ ਪਹੁੰਚਿਆ, ਜਿੱਥੇ ਕੋਲਕਾਤਾ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਅੰਕ ਸੂਚੀ ਵਿੱਚ 8ਵਾਂ ਸਥਾਨ ਹਾਸਲ ਕਰ ਲਿਆ ਹੈ। ਦੂਜੇ ਪਾਸੇ, ਲਖਨਊ ਦੀ ਇਹ ਲਗਾਤਾਰ ਚੌਥੀ ਹਾਰ ਹੈ, ਜਿਸ ਨਾਲ ਟੀਮ ਅੰਕ ਸੂਚੀ ਵਿੱਚ 9ਵੇਂ ਸਥਾਨ ‘ਤੇ ਖਿਸਕ ਗਈ ਹੈ।
ਕੇਕੇਆਰ ਦੀ ਬੱਲੇਬਾਜ਼ੀ
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਦੇ ਸਲਾਮੀ ਬੱਲੇਬਾਜ਼ ਟਿਮ ਸੀਫਰਟ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਏ, ਜਦਕਿ ਅਜਿੰਕਿਆ ਰਹਾਣੇ ਵੀ ਸਿਰਫ਼ 10 ਦੌੜਾਂ ਹੀ ਬਣਾ ਸਕੇ। ਅਜਿਹੇ ਨਾਜ਼ੁਕ ਸਮੇਂ ਵਿੱਚ ਰਿੰਕੂ ਸਿੰਘ ਨੇ ਟੀਮ ਦੀ ਵਾਗਡੋਰ ਸੰਭਾਲੀ ਅਤੇ 51 ਗੇਂਦਾਂ ਵਿੱਚ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਸ ਪਾਰੀ ਵਿਚ ਉਨ੍ਹਾਂ ਨੇ 7 ਚੌਕੇ ਅਤੇ 5 ਛੱਕੇ ਜੜੇ। ਕੈਮਰੂਨ ਗ੍ਰੀਨ (34 ਦੌੜਾਂ) ਦੇ ਮਹੱਤਵਪੂਰਨ ਯੋਗਦਾਨ ਦੀ ਬਦੌਲਤ ਕੋਲਕਾਤਾ ਨੇ ਨਿਰਧਾਰਤ ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ।
ਲਖਨਊ ਦੀ ਜੱਦੋ-ਜਹਿਦ ਅਤੇ ਮੁਹੰਮਦ ਸ਼ਮੀ ਦਾ ਛੱਕਾ
156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਮਿਚੇਲ ਮਾਰਸ਼ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਰਿਸ਼ਭ ਪੰਤ (42 ਦੌੜਾਂ) ਅਤੇ ਏਡਨ ਮਾਰਕਰਮ ਨੇ ਪਾਰੀ ਨੂੰ ਸੰਭਾਲਿਆ। ਮੁਕਾਬਲਾ ਆਖਰੀ ਗੇਂਦ ਤੱਕ ਇੰਨਾ ਫਸ ਗਿਆ ਕਿ ਲਖਨਊ ਨੂੰ ਜਿੱਤ ਲਈ 7 ਦੌੜਾਂ ਦੀ ਲੋੜ ਸੀ।
ਅਜਿਹੇ ਦਬਾਅ ਵਾਲੇ ਪਲਾਂ ਵਿੱਚ ਮੁਹੰਮਦ ਸ਼ਮੀ ਨੇ ਆਖਰੀ ਗੇਂਦ ‘ਤੇ ਸ਼ਾਨਦਾਰ ਛੱਕਾ ਜੜ ਕੇ ਮੈਚ ਨੂੰ ਸੁਪਰ ਓਵਰ ਵਿੱਚ ਪਹੁੰਚਾ ਦਿੱਤਾ। ਇਹ ਆਈਪੀਐਲ 2026 ਦਾ ਪਹਿਲਾ ਸੁਪਰ ਓਵਰ ਸੀ।
ਸੁਪਰ ਓਵਰ ਵਿਚ ਕੋਲਕਾਤਾ ਦਾ ਦਬਦਬਾ
ਸੁਪਰ ਓਵਰ ਵਿੱਚ ਲਖਨਊ ਵੱਲੋਂ ਏਡਨ ਮਾਰਕਰਮ ਅਤੇ ਨਿਕੋਲਸ ਪੂਰਨ ਬੱਲੇਬਾਜ਼ੀ ਕਰਨ ਉਤਰੇ। ਕੋਲਕਾਤਾ ਦੇ ਗੇਂਦਬਾਜ਼ ਸੁਨੀਲ ਨਰੇਨ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਪਹਿਲੀ ਹੀ ਗੇਂਦ ‘ਤੇ ਨਿਕੋਲਸ ਪੂਰਨ ਨੂੰ ਬੋਲਡ ਕਰ ਦਿੱਤਾ।
ਰਿਸ਼ਭ ਪੰਤ ਨੇ ਦੂਜੀ ਗੇਂਦ ‘ਤੇ ਸਿੰਗਲ ਲਿਆ, ਪਰ ਤੀਜੀ ਗੇਂਦ ‘ਤੇ ਸੁਨੀਲ ਨਰੇਨ ਨੇ ਏਡਨ ਮਾਰਕਰਮ ਨੂੰ ਕੈਚ ਆਊਟ ਕਰਕੇ ਲਖਨਊ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਲਖਨਊ ਸੁਪਰ ਓਵਰ ਵਿੱਚ ਸਿਰਫ਼ 1 ਦੌੜ ਹੀ ਬਣਾ ਸਕੀ।
ਜਵਾਬ ਵਿੱਚ 2 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਰਿੰਕੂ ਸਿੰਘ ਅਤੇ ਰੋਵਮੈਨ ਪਾਵੇਲ। ਰਿੰਕੂ ਸਿੰਘ ਨੇ ਪਹਿਲੀ ਹੀ ਗੇਂਦ ‘ਤੇ ਚੌਕਾ ਜੜ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸ਼ਾਨਦਾਰ ਜਿੱਤ ਦਿਵਾਈ।
Read More : ਕਾਂਗਰਸ ਵੱਲੋਂ ਐੱਸ.ਸੀ. ਡਿਪਾਰਟਮੈਂਟ ਲਈ ਸਟੇਟ ਕੌਂਸਲ ਐਡਵਾਈਜ਼ਰੀ ਕਮੇਟੀ ਦਾ ਗਠਨ
