ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਿਆ ਹਿੱਸਾ; ਸਿੰਧ ਤੋਂ ਕਈ ਭਗਤ 20 ਦਿਨ ਪੈਦਲ ਚੱਲ ਕੇ ਪਹੁੰਚੇ
ਬਲੋਚਿਸਤਾਨ, 26 ਅਪ੍ਰੈਲ : ਪਾਕਿਸਤਾਨੀ ਸੂਬੇ ਬਲੋਚਿਸਤਾਨ ਦੇ ਲਾਸਬੇਲਾ ਜ਼ਿਲਾ ਦੀ ਲਿਆਰੀ ਤਹਿਸੀਲ ’ਚ ਚਾਰ ਦਿਨਾਂ ਹਿੰਦੂ ਤਿਉਹਾਰ ਬਹੁਤ ਧੂਮਧਾਮ ਨਾਲ ਸੰਪੰਨ ਹੋਇਆ। ਇਸ ਸਮਾਗਮ ’ਚ ਲੱਖਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚੋਂ ਕਈਆਂ ਨੂੰ ਪਵਿੱਤਰ ਮੰਦਰ ਪਹੁੰਚਣ ਲਈ 20 ਦਿਨਾਂ ਦਾ ਪੈਦਲ ਸਫ਼ਰ ਤੈਅ ਕਰਨਾ ਪਿਆ।
ਇਤਿਹਾਸਕ ਹਿੰਗਲਾਜ ਮਾਤਾ ਮੰਦਰ ਦਾ ਇਹ ਤਿੰਨ ਦਿਨਾਂ ਸਾਲਾਨਾ ਤਿਉਹਾਰ ਦੂਰ-ਦੁਰਾਡੇ ਪਹਾੜੀਆਂ ’ਚ ਸਥਿਤ ਹਿੰਗੋਲ ਮੰਦਰ ਵਿਖੇ ਮਨਾਇਆ ਗਿਆ। ਅੰਦਾਜ਼ੇ ਅਨੁਸਾਰ ਇਸ ਵਾਰ 3,00,000 ਤੋਂ ਵੱਧ ਸ਼ਰਧਾਲੂ ਨਤਮਸਤਕ ਹੋਏ। ਇਨ੍ਹਾਂ ’ਚ ਜ਼ਿਆਦਾਤਰ ਪਾਕਿਸਤਾਨੀ ਹਿੰਦੂ ਸਨ, ਪਰ ਵਿਦੇਸ਼ਾਂ (ਯੂ.ਕੇ., ਕੈਨੇਡਾ) ’ਚ ਰਹਿੰਦੇ ਸਿੰਧੀ ਹਿੰਦੂਆਂ ਨੇ ਵੀ ਹਾਜ਼ਰੀ ਭਰੀ। ਵਰਤਮਾਨ ’ਚ ਭਾਰਤ ਤੋਂ ਸਿੰਧੀ ਹਿੰਦੂਆਂ ਲਈ ਇੱਥੇ ਜਾਣ ਦਾ ਕੋਈ ਸਿੱਧਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ’ਚ ਭਾਰੀ ਨਿਰਾਸ਼ਾ ਵੀ ਦੇਖੀ ਗਈ।
ਸ਼੍ਰੀ ਹਿੰਗਲਾਜ ਮਾਤਾ ਭਲਾਈ ਮੰਡਲੀ ਵੱਲੋਂ ਸ਼ਰਧਾਲੂਆਂ ਲਈ 24 ਘੰਟੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਮੰਡਲੀ ਦੇ ਅਹੁਦੇਦਾਰਾਂ, ਜਿਨ੍ਹਾਂ ’ਚ ਪ੍ਰਧਾਨ ਵਿਨੋਦ ਕੁਮਾਰ ਲਾਸੀ, ਜਨਰਲ ਸਕੱਤਰ ਵਿਰਸੀ ਮਲ ਕੇਦਵਾਨੀ, ਡਾ. ਤੋਲਾ ਰਾਮ ਲਾਸੀ ਅਤੇ ਬੁਲਾਰੇ ਪ੍ਰਕਾਸ਼ ਕੁਮਾਰ ਲਾਸੀ ਸ਼ਾਮਲ ਸਨ, ਨੇ ਦਿਨ-ਰਾਤ ਸੇਵਾ ਕੀਤੀ।
ਪ੍ਰਕਾਸ਼ ਕੁਮਾਰ ਲਾਸੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਿਆਨਕ ਗਰਮੀ ਦੇ ਬਾਵਜੂਦ ਸ਼ਰਧਾਲੂਆਂ ਦੀ ਵਧਦੀ ਗਿਣਤੀ ਉਨ੍ਹਾਂ ਦੀ ਅਟੁੱਟ ਆਸਥਾ ਦਾ ਪ੍ਰਤੀਕ ਹੈ। ਇਹ ਭਾਰਤ ਅਤੇ ਨੇਪਾਲ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਿੰਦੂ ਧਾਰਮਿਕ ਇਕੱਠ ਮੰਨਿਆ ਜਾਂਦਾ ਹੈ।
ਸੁਰੱਖਿਆ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲਾਸਬੇਲਾ ਹੁਮੈਰਾ ਬਲੋਚ ਅਤੇ ਐੱਸ.ਐੱਸ.ਪੀ. ਨਜੀਬੁੱਲਾ ਪੰਡਰਾਨੀ ਮੌਕੇ ’ਤੇ ਮੌਜੂਦ ਸਨ। ਸ਼ਰਧਾਲੂਆਂ ਦੀ ਸੁਰੱਖਿਆ ਲਈ ਪਾਕਿਸਤਾਨੀ ਫ਼ੌਜ, ਫਰੰਟੀਅਰ ਕੋਰ, ਪੁਲਸ ਅਤੇ ਲੇਵੀਜ਼ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਇਸ ਮੌਕੇ ਸੈਨੇਟਰ ਦਿਨੇਸ਼ ਕੁਮਾਰ, ਜਮੀਅਤ ਉਲੇਮਾ-ਏ-ਇਸਲਾਮ ਦੇ ਆਗੂ ਸ਼ਾਮ ਲਾਲ ਲਾਸੀ ਅਤੇ ਹੋਰ ਸਿਆਸੀ ਸ਼ਖ਼ਸੀਅਤਾਂ ਨੇ ਵੀ ਰਸਮਾਂ ’ਚ ਹਿੱਸਾ ਲਿਆ।
ਮੰਦਰ ਦਾ ਇਤਿਹਾਸ
ਧਾਰਮਿਕ ਮਾਨਤਾ ਅਨੁਸਾਰ ਹਿੰਗਲਾਜ ਮਾਤਾ ਮੰਦਰ 51 ਸ਼ਕਤੀ ਪੀਠਾਂ ’ਚੋਂ ਇਕ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਦੇਵੀ ਸਤੀ ਦਾ ‘ਬ੍ਰਹਮਰੰਧਰ’ (ਸਿਰ ਦਾ ਉੱਪਰਲਾ ਹਿੱਸਾ) ਡਿੱਗਿਆ ਸੀ। ਇਕ ਹੋਰ ਕਥਾ ਅਨੁਸਾਰ ਇਸ ਅਸਥਾਨ ਦਾ ਸਬੰਧ ਰਾਮਾਇਣ ਕਾਲ ਅਤੇ ਭਗਵਾਨ ਰਾਮ ਦੀ ਅਯੋਧਿਆ ਵਾਪਸੀ ਨਾਲ ਵੀ ਜੋੜਿਆ ਜਾਂਦਾ ਹੈ। ਇਹ ਸਥਾਨ ਦੁਨੀਆ ਭਰ ਦੇ ਹਿੰਦੂਆਂ ਲਈ ਬੇਹੱਦ ਪਵਿੱਤਰ ਹੈ।
Read More : ਸੰਜੇ ਸਿੰਘ ਨੇ ਰਾਜ ਸਭਾ ਚੇਅਰਮੈਨ ਨੂੰ ਲਿਖਿਆ ਪੱਤਰ
