ਨਹਿਰ

ਨਹਿਰ ’ਚ ਨਹਾਉਂਦੇ ਸਮੇਂ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ

ਖਰੀਦਦਾਰੀ ਕਰਨ ਦਾ ਕਹਿ ਕੇ ਘਰੋਂ ਨਿਕਲੇ ਸੀ ਦੋਵੇਂ ਵਿਦਿਆਰਥੀ

ਭੀਖੀ, 25 ਅਪ੍ਰੈਲ : ਸ਼ਹਿਰ ਭੀਖੀ ਵਿੱਚੋਂ ਲੰਘਦੀ ਭੀਖੀ ਡਿਸਟ੍ਰੀਬਿਊਟਰੀ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ (15) ਪੁੱਤਰ ਅਜੈਬ ਸਿੰਘ ਵਾਸੀ ਪਿੰਡ ਹਮੀਰਗੜ੍ਹ ਢੈਪਈ ਅਤੇ ਸੁਖਪ੍ਰੀਤ ਸਿੰਘ (16) ਪੁੱਤਰ ਰਾਮਫਲ ਸਿੰਘ ਵਾਸੀ ਭੀਖੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਘਰੋਂ ਕੁਝ ਜ਼ਰੂਰੀ ਸਾਮਾਨ ਦੀ ਖਰੀਦਦਾਰੀ ਕਰਨ ਦਾ ਬਹਾਨਾ ਲਗਾ ਕੇ ਨਿਕਲੇ ਸੀ, ਪਰ ਉਹ ਨਜ਼ਦੀਕੀ ਪਿੰਡ ਸਮਾਉਂ ਦੇ ਪੁਲ ਕੋਲ ਨਹਿਰ ਵਿੱਚ ਨਹਾਉਣ ਚਲੇ ਗਏ। ਨਹਾਉਂਦੇ ਸਮੇਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਸੰਤੁਲਨ ਵਿਗੜਨ ਕਰਕੇ ਨਹਿਰ ਵਿੱਚ ਰੁੜ੍ਹ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ।

ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਪਿੰਡ ਫਰਵਾਹੀ ਦੇ ਜੋੜੇ ਪੁਲਾਂ ਕੋਲੋਂ ਦੋਵਾਂ ਨੌਜਵਾਨਾਂ ਦੀਆਂ ਤੈਰਦੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਦੋ ਨੌਜਵਾਨਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਪਿੰਡ ਅਤੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਇਕੱਲੇ ਨਹਿਰਾਂ ਜਾਂ ਰਜਬਾਹਿਆਂ ਵਿੱਚ ਨਹਾਉਣ ਲਈ ਨਾ ਭੇਜਿਆ ਜਾਵੇ।

Read More : ਵਿਜੀਲੈਂਸ ਦੀ ਵੱਡੀ ਕਾਰਵਾਈ: 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਕਾਬੂ

Leave a Reply

Your email address will not be published. Required fields are marked *