ਗੁਰਦਾਸਪੁਰ

100 ਏਕੜ ਵਿਵਾਦਤ ਜ਼ਮੀਨ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ; ਭਾਰੀ ਸੁਰੱਖਿਆ ’ਚ ਵੱਢੀ ਕਣਕ

ਅਦਾਲਤੀ ਹੁਕਮਾਂ ਮਗਰੋਂ ਨਾਇਬ ਤਹਿਸੀਲਦਾਰ ਰਿਸੀਵਰ ਨਿਯੁਕਤ; ਮੌਕੇ ‘ਤੇ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਗੁਰਦਾਸਪੁਰ, 23 ਅਪ੍ਰੈਲ : ਸਬ ਤਹਿਸੀਲ ਕਾਹਨੂੰਵਾਨ ਅਧੀਨ ਪਿੰਡ ਮੋਠ ਸਰਾਏ ਬਨਾਮ ਰਾਜੂ ਬੇਲਾ ਵਿਖੇ ਕਰੀਬ 100 ਏਕੜ ਵਿਵਾਦਤ ਜ਼ਮੀਨ ’ਤੇ ਬੀਜੀ ਗਈ ਕਣਕ ਦੀ ਫਸਲ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਅਦਾਲਤ ਦੇ ਦਖਲ ਮਗਰੋਂ ਪ੍ਰਸ਼ਾਸਨ ਨੇ ਆਪਣੀ ਨਿਗਰਾਨੀ ਹੇਠ ਫਸਲ ਦੀ ਕਟਾਈ ਕਰਵਾਈ।

ਮਿਲੀ ਜਾਣਕਾਰੀ ਮੁਤਾਬਕ, ਇਸ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧੜੇ ਆਪਣਾ ਹੱਕ ਜਤਾ ਰਹੇ ਸਨ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਸੀ। ਬੀਤੇ ਦਿਨੀਂ ਦੋਵਾਂ ਧਿਰਾਂ ਵਿਚਕਾਰ ਝਗੜੇ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਥਾਣਾ ਭੈਣੀ ਮੀਆਂ ਖਾਂ ਵਿਖੇ ਮਾਮਲੇ ਦਰਜ ਕੀਤੇ ਗਏ ਸਨ।

ਮੌਕੇ ’ਤੇ ਮੌਜੂਦ ਡੀਐਸਪੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ ਕਾਹਨੂੰਵਾਨ ਸਤਨਾਮ ਸਿੰਘ ਨੂੰ ਇਸ ਜ਼ਮੀਨ ਦਾ ਰਿਸੀਵਰ ਨਿਯੁਕਤ ਕੀਤਾ ਹੈ।

ਨਾਇਬ ਤਹਿਸੀਲਦਾਰ ਸਤਨਾਮ ਸਿੰਘ ਨੇ ਸਪੱਸ਼ਟ ਕੀਤਾ ਕਿ ਕਣਕ ਦੀ ਫਸਲ ਕਟਵਾ ਕੇ ਮੰਡੀ ਵਿੱਚ ਵੇਚੀ ਜਾਵੇਗੀ ਅਤੇ ਇਸ ਤੋਂ ਪ੍ਰਾਪਤ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਇਸ ਦੌਰਾਨ ਉੱਥੇ ਮੌਜੂਦ ਕਿਸਾਨਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਅਦਾਲਤ ਨੇ ਅਗਲੇ ਹੁਕਮਾਂ ਤੱਕ ਦੋਵਾਂ ਧਿਰਾਂ ਨੂੰ ਜ਼ਮੀਨ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ।

Read More : ਮੰਤਰੀ ਕਟਾਰੂਚੱਕ ਨੇ ਭਗਤਾਂਵਾਲਾ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ

Leave a Reply

Your email address will not be published. Required fields are marked *