ਪਹਿਲਗਾਮ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਖੜਗੇ ਨੇ ਕਿਹਾ—ਰਾਸ਼ਟਰ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ
ਨਵੀਂ ਦਿੱਲੀ, 22 ਅਪ੍ਰੈਲ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅੱਤਵਾਦ ਵਿਰੁੱਧ ਅਸੀਂ ਸਭ ਇਕਜੁੱਟ ਹਾਂ ਅਤੇ ਭਾਰਤ ਨਫ਼ਰਤ ਤੇ ਡਰ ਅੱਗੇ ਕਦੇ ਨਹੀਂ ਝੁਕੇਗਾ। ਪਹਿਲਗਾਮ ਦੇ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ ’ਤੇ ਉਨ੍ਹਾਂ ਕਿਹਾ ਕਿ ਮੈਂ ਸ਼ਹੀਦ ਹੋਏ ਸਾਰੇ ਭਰਾਵਾਂ ਤੇ ਭੈਣਾਂ ਨੂੰ ਦਿਲੋਂ ਸ਼ਰਧਾਂਜਲੀ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੀ ਕੁਰਬਾਨੀ ਤੇ ਪਰਿਵਾਰਾਂ ਦੇ ਦੁੱਖ ਨੂੰ ਕਦੇ ਨਹੀਂ ਭੁੱਲੇਗਾ ਅਤੇ ਇਸ ਘਿਨੌਣੇ ਕਾਰੇ ਦੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਬੇਰਹਿਮੀ ਨਾਲ ਲਈਆਂ ਗਈਆਂ ਮਾਸੂਮ ਜਾਨਾਂ ਦੀ ਯਾਦ ਅਜੇ ਵੀ ਸਾਡੇ ਦਿਲਾਂ ਨੂੰ ਹਿਲਾ ਦਿੰਦੀ ਹੈ। ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਸਾਡੇ ਸਾਰਿਆਂ ਦਾ ਦੁੱਖ ਹੈ ਅਤੇ ਰਾਸ਼ਟਰ ਦੇ ਇਨ੍ਹਾਂ ਸਪੂਤਾਂ ਦੀ ਸ਼ਹਾਦਤ ਹਮੇਸ਼ਾ ਭਾਰਤ ਦੀ ਆਤਮਾ ’ਚ ਅਮਿੱਟ ਰਹੇਗੀ।
ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਅੱਤਵਾਦ ਤੇ ਹਿੰਸਾ ਵਿਰੁੱਧ ਹਮੇਸ਼ਾ ਇਕਜੁੱਟ ਸੀ, ਹੈ ਤੇ ਰਹੇਗਾ। ਭਾਰਤ ਕਦੇ ਵੀ ਨਫ਼ਰਤ ਅਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਨਹੀਂ ਝੁਕੇਗਾ ਅਤੇ ਅਸੀਂ ਇਸ ਵਿਰੁੱਧ ਹੋਰ ਵੀ ਵੱਡੀ ਤਾਕਤ, ਏਕਤਾ ਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋਵਾਂਗੇ।
ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਭਾਰਤ ਅੱਤਵਾਦ ਦੇ ਹਰ ਕਾਰੇ ਵਿਰੁੱਧ ਮਜ਼ਬੂਤੀ ਤੇ ਇਕਜੁੱਟਤਾ ਨਾਲ ਖੜ੍ਹਾ ਹੈ। ਸਾਲ 2025 ’ਚ ਇਸੇ ਦਿਨ ਪਹਿਲਗਾਮ ਦੇ ਅੱਤਵਾਦੀ ਹਮਲੇ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ 26 ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰ ਮਾਸੂਮ ਨਾਗਰਿਕਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਨੇ ਸੋਗੀ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
Read More : ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ’ਤੇ ਬੋਲੇ ਪ੍ਰਧਾਨ ਮੰਤਰੀ ਮੋਦੀ
