ਕੇਦਾਰਨਾਥ ਧਾਮ

ਸ਼੍ਰੀ ਕੇਦਾਰਨਾਥ ਧਾਮ ਦੇ ਕਪਾਟ ਰਸਮੀ ਤੌਰ ‘ਤੇ ਖੁੱਲ੍ਹੇ: ਸ਼ਰਧਾਲੂਆਂ ਲਈ ਸ਼ੁਰੂ ਹੋਏ ਦਰਸ਼ਨ

ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਕੀਤੀ ਪਹਿਲੀ ਪੂਜਾ; ਮੰਦਰ ਕੰਪਲੈਕਸ ਵਿਚ ਮੋਬਾਈਲ ‘ਤੇ ਪਾਬੰਦੀ

ਕੇਦਾਰਨਾਥ, 22 ਅਪ੍ਰੈਲ :ਚਾਰਧਾਮ ਯਾਤਰਾ ਦੇ ਚੌਥੇ ਦਿਨ ਬੁੱਧਵਾਰ ਸਵੇਰੇ 8 ਵਜੇ ਸ਼੍ਰੀ ਕੇਦਾਰਨਾਥ ਧਾਮ ਦੇ ਕਪਾਟ ਰਸਮੀ ਤੌਰ ‘ਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਵੈਦਿਕ ਮੰਤਰਾਂ ਅਤੇ ਪਰੰਪਰਾਗਤ ਰਸਮਾਂ ਨਾਲ ਮੰਦਰ ਦਾ ਪੂਰਬੀ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਮੁੱਖ ਪੁਜਾਰੀ ਨੇ ਪੂਜਾ ਅਰਚਨਾ ਸ਼ੁਰੂ ਕੀਤੀ।

ਕਪਾਟ ਖੁੱਲ੍ਹਣ ਦੇ ਪਵਿੱਤਰ ਮੌਕੇ ‘ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਪਹਿਲੀ ਪੂਜਾ ਕੀਤੀ। ਮੰਦਰ ਖੁੱਲ੍ਹਣ ਦੌਰਾਨ ਜੋਤਿਰਲਿੰਗ ‘ਤੇ ਪਿਛਲੇ ਸਾਲ ਤੋਂ ਲਗਾਈ ਗਈ ਭਸਮ ਨੂੰ ਹਟਾ ਕੇ ਸ਼ਰਧਾਲੂਆਂ ਵਿੱਚ ਪ੍ਰਸ਼ਾਦ ਵਜੋਂ ਵੰਡਿਆ ਗਿਆ।

ਯਾਤਰੀਆਂ ਲਈ ਨਵੇਂ ਅਤੇ ਸਖ਼ਤ ਨਿਯਮ:

ਇਸ ਸਾਲ ਦੀ ਯਾਤਰਾ ਲਈ ਸੁਰੱਖਿਆ ਅਤੇ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ, ਜਿਸ ਤਹਿਤ ਮੰਦਰ ਕੰਪਲੈਕਸ ਦੇ 50 ਤੋਂ 60 ਮੀਟਰ ਦੇ ਦਾਇਰੇ ਵਿਚ ਮੋਬਾਈਲ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਮੰਦਰ ਦੇ ਅੰਦਰ ਰੀਲ ਬਣਾਉਣ, ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ‘ਤੇ ਸਖ਼ਤ ਮਨਾਹੀ ਹੈ। ਸਿਰਫ਼ ਨਿਰਧਾਰਤ ਖੇਤਰਾਂ ਵਿਚ ਹੀ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ।

ਭੈਰਵਨਾਥ ਮੰਦਰ ਦੇ ਕਪਾਟ 25 ਅਪ੍ਰੈਲ ਨੂੰ ਖੁੱਲ੍ਹਣਗੇ:

ਮੰਦਰ ਕਮੇਟੀ ਅਨੁਸਾਰ ਅੱਜ ਪਹਿਲੇ ਦਿਨ ਭਗਵਾਨ ਕੇਦਾਰਨਾਥ ਨੂੰ ਕੋਈ ਭੋਗ ਨਹੀਂ ਚੜ੍ਹਾਇਆ ਜਾਵੇਗਾ। ਪਰੰਪਰਾ ਮੁਤਾਬਕ, ਭੈਰਵਨਾਥ ਮੰਦਰ ਦੇ ਕਪਾਟ 25 ਅਪ੍ਰੈਲ ਨੂੰ ਖੁੱਲ੍ਹਣ ਤੋਂ ਬਾਅਦ ਹੀ ਨਿਯਮਤ ਭੋਗ ਅਤੇ ਚੜ੍ਹਾਵਾ ਸ਼ੁਰੂ ਹੋਵੇਗਾ, ਜਿਸ ਵਿਚ ਭਗਵਾਨ ਨੂੰ ਪੀਲੇ ਚੌਲਾਂ ਦਾ ਭੋਗ ਲਗਾਇਆ ਜਾਵੇਗਾ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੈਂਡ ਦੇ ਦਿੱਗਜ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *