ਖਿਡਾਰੀ ਫਲੋਰਿਸ ਜਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੈਂਡ ਦੇ ਦਿੱਗਜ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ

ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਪੰਜਾਬ ਦੇ ਖਿਡਾਰੀਆਂ ਨੂੰ ਮਿਲੇਗੀ ਵਿਸ਼ਵ ਪੱਧਰੀ ਸਿਖਲਾਈ; ਬੋਵਲੈਂਡਰ ਨੇ ਪੰਜਾਬ ਆਉਣ ਦਾ ਸੱਦਾ ਕੀਤਾ ਸਵੀਕਾਰ

ਚੰਡੀਗੜ੍ਹ, 21 ਅਪ੍ਰੈਲ : ਪੰਜਾਬ ਦੇ ਖੇਡ ਜਗਤ ਵਿੱਚ ਨਵੀਂ ਰੂਹ ਫੂਕਣ ਅਤੇ ਸੂਬੇ ਨੂੰ ਹਾਕੀ ਦਾ ਮੁੜ ਗੜ੍ਹ ਬਣਾਉਣ ਦੇ ਆਪਣੇ ਮਿਸ਼ਨ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਾਲੈਂਡ ਦੇ ਮਸ਼ਹੂਰ ਅਤੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀ ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਇੱਕ ਅਹਿਮ ਰਣਨੀਤੀ ਉਲੀਕੀ।

ਐਥਲੀਟਾਂ ਨੂੰ ਮਿਲੇਗੀ ਵਿਸ਼ਵ ਪੱਧਰੀ ਟ੍ਰੇਨਿੰਗ
ਮੀਟਿੰਗ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਫਲੋਰਿਸ ਜਾਨ ਬੋਵਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਖਿੜੇ ਮੱਥੇ ਸਵੀਕਾਰ ਕਰ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਜਲਦੀ ਹੀ ਵੱਕਾਰੀ ‘ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਬੋਵਲੈਂਡਰ ਵਰਗੇ ਤਜਰਬੇਕਾਰ ਖਿਡਾਰੀ ਦੀ ਮੁਹਾਰਤ ਪੰਜਾਬ ਦੇ ਨੌਜਵਾਨ ਖਿਡਾਰੀਆਂ ਲਈ ਵਰਦਾਨ ਸਾਬਤ ਹੋਵੇਗੀ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਮਿਲੇਗੀ।

ਪੰਜਾਬੀ ਖਿਡਾਰੀਆਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਅਸੰਭਵ
ਹਾਕੀ ਨਾਲ ਪੰਜਾਬ ਦੇ ਡੂੰਘੇ ਅਤੇ ਅਟੁੱਟ ਰਿਸ਼ਤੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਦੀ ਸਫਲਤਾ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 50 ਤੋਂ ਵੱਧ ਪੰਜਾਬੀ ਖਿਡਾਰੀਆਂ ਨੇ ਉਲੰਪਿਕ ਤਗਮੇ ਜਿੱਤੇ ਹਨ ਅਤੇ 10 ਖਿਡਾਰੀਆਂ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਨੇ ਦੁਨੀਆ ਨੂੰ 20 ਤੋਂ ਵੱਧ ਉਲੰਪੀਅਨ ਦਿੱਤੇ ਹਨ।

ਹਾਲੀਆ ਸਫਲਤਾਵਾਂ ‘ਤੇ ਮਾਣ
ਮੁੱਖ ਮੰਤਰੀ ਨੇ ਹਾਲੀਆ ਖੇਡ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਟੋਕੀਓ 2020 ਉਲੰਪਿਕ ਵਿੱਚ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਨੌਂ ਪੰਜਾਬੀ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲਾਂ ਦਾ ਸੋਕਾ ਖ਼ਤਮ ਕੀਤਾ ਸੀ। ਇਸੇ ਤਰ੍ਹਾਂ ਪੈਰਿਸ 2024 ਉਲੰਪਿਕ ਵਿੱਚ ਵੀ 10 ਪੰਜਾਬੀ ਖਿਡਾਰੀਆਂ ਦੀ ਮੌਜੂਦਗੀ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਅਗਵਾਈ ਨੇ ਦੇਸ਼ ਦਾ ਮਾਣ ਵਧਾਇਆ ਹੈ।

ਪੰਜਾਬ ਬਣੇਗਾ ਹਾਕੀ ਦਾ ‘ਹੱਬ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਲਿਖਿਆ ਕਿ ਫਲੋਰਿਸ ਜਾਨ ਬੋਵਲੈਂਡਰ ਦਾ ਸ਼ਾਨਦਾਰ ਕਰੀਅਰ ਅਤੇ ਤਜਰਬਾ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਦ੍ਰਿੜ੍ਹਤਾ ਪ੍ਰਗਟਾਈ ਕਿ ਪੰਜਾਬ ਸਰਕਾਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੂਬੇ ਨੂੰ ਵਿਸ਼ਵ ਪੱਧਰ ‘ਤੇ ਹਾਕੀ ਦੇ ਇੱਕ ਵੱਡੇ ਹੱਬ ਵਜੋਂ ਸਥਾਪਿਤ ਕਰੇਗੀ।

Read More : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਫ਼ਿਲਮ ‘ਲਾਰੈਂਸ ਆਫ਼ ਪੰਜਾਬ’ ’ਤੇ ਚੁੱਕੇ ਸਵਾਲ

Leave a Reply

Your email address will not be published. Required fields are marked *