Raja Warring

ਰਾਜਾ ਵੜਿੰਗ ਦਾ ਕੇਂਦਰ ‘ਤੇ ਹਮਲਾ, ਹੱਦਬੰਦੀ ਨਾਲ ਉੱਤਰ-ਦੱਖਣ ਦੇ ਅਸੰਤੁਲਨ ਦਾ ਖ਼ਤਰਾ

ਚੰਡੀਗੜ੍ਹ, 20 ਅਪ੍ਰੈਲ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰ ਸਰਕਾਰ ਦੀ ਹੱਦਬੰਦੀ ਦੀ ਨੀਤੀ ‘ਤੇ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਨਵੀਂ ਹੱਦਬੰਦੀ ਨਾਲ ਦੱਖਣੀ ਭਾਰਤੀ ਰਾਜਾਂ ਦੀ ਨੁਮਾਇੰਦਗੀ ਘੱਟ ਜਾਵੇਗੀ, ਜਿਸ ਨਾਲ ਰਾਜਨੀਤਿਕ ਅਸੰਤੁਲਨ ਪੈਦਾ ਹੋ ਸਕਦਾ ਹੈ।

ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਇਸ ਨਾਲ ਕੇਂਦਰ ਸਰਕਾਰ ਸਿਰਫ਼ ਉੱਤਰ ਭਾਰਤ ਦੇ ਕੁਝ ਰਾਜਾਂ ਵਿੱਚ ਜਿੱਤ ਦਰਜ ਕਰਕੇ ਹੀ ਸੱਤਾ ਹਾਸਲ ਕਰਨ ਦੀ ਰਣਨੀਤੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਸੀਟਾਂ ਦੀ ਗਿਣਤੀ ਕਾਫ਼ੀ ਵਧ ਜਾਵੇਗੀ, ਜਦਕਿ ਤਾਮਿਲਨਾਡੂ ਵਰਗੇ ਰਾਜਾਂ ਨੂੰ ਨੁਕਸਾਨ ਹੋਵੇਗਾ।

ਵੜਿੰਗ ਨੇ ਭਾਜਪਾ ਅਤੇ ਆਰ.ਐਸ.ਐਸ. ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਰਾਜਾਂ ਦੀਆਂ ਸੀਟਾਂ ਵਧਾ ਕੇ ਰਾਜਨੀਤਿਕ ਲਾਭ ਲੈਣਾ ਚਾਹੁੰਦੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 2001 ਵਿੱਚ ਬਰਾਬਰ ਨੁਮਾਇੰਦਗੀ ਬਣਾਈ ਰੱਖਣ ਲਈ ਹੱਦਬੰਦੀ ‘ਤੇ 25 ਸਾਲਾਂ ਲਈ ਰੋਕ ਲਗਾਈ ਸੀ।

ਔਰਤਾਂ ਦੇ ਰਾਖਵੇਂਕਰਨ ਬਾਰੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਇਸ ਦਾ ਪੂਰਨ ਸਮਰਥਨ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਬਿਨਾਂ ਕਿਸੇ ਦੇਰੀ ਦੇ 2023 ਵਾਲਾ ਬਿਲ ਲਾਗੂ ਕਰੇ ਅਤੇ 543 ਸੀਟਾਂ ‘ਤੇ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਕਾਂਗਰਸ ਬਾਰੇ ਇਹ ਪ੍ਰਚਾਰ ਗਲਤ ਹੈ ਕਿ ਪਾਰਟੀ ਮਹਿਲਾ ਰਾਖਵੇਂਕਰਨ ਦੇ ਵਿਰੁੱਧ ਹੈ; ਅਸਲ ਵਿੱਚ ਕਾਂਗਰਸ ਪੂਰੇ ਦੇਸ਼ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

Read More : ਅਸ਼ੀਰਵਾਦ ਸਕੀਮ: ਪੰਜਾਬ ਸਰਕਾਰ ਵੱਲੋਂ 728 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰ

Leave a Reply

Your email address will not be published. Required fields are marked *