2 ਬੱਸਾਂ ਦੀ ਟੱਕਰ ਤੋਂ ਬਾਅਦ ਲਪੇਟ ’ਚ ਆਏ ਕਾਰ ਅਤੇ ਸਕੂਟਰੀ
ਗੁਰਦਾਸਪੁਰ : ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਧਾਰੀਵਾਲ ਦੇ ਐਂਟਰੀ ਪੁਆਇੰਟ ’ਤੇ ਇਕ ਨਿੱਜੀ ਕੰਪਨੀ ਦੀ ਬੱਸ ਦੀ ਸਾਹਮਣੇ ਤੋਂ ਆ ਰਹੀ ਇਕ ਬੱਸ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਇਕ ਖੜ੍ਹੀ ਕਾਰ ਅਤੇ ਇਕ ਸਕੂਟਰੀ ਵੀ ਇਸ ਬੱਸ ਦੀ ਲਪੇਟ ਵਿਚ ਆ ਗਏ। ਇਸ ਦੁਰਘਟਨਾ ਦੌਰਾਨ ਚਾਲਕਾਂ ਨੂੰ ਮਾਮੂਲੀ ਸੱਟਾ ਲੱਗੀਆਂ ਜਦੋਂਕਿ ਐਕਟੀਵਾ ਸਵਾਰ ਵਿਅਕਤੀ ਵੀ ਜ਼ਖਮੀ ਹੋਇਆ ਤੇ ਸਵਿਫਟ ਕਾਰ ਦਾ ਵੀ ਕਾਫੀ ਨੁਕਸਾਨ ਕੀਤਾ ਹੈ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਐਕਟੀਵਾ ਸਵਾਰ ਜ਼ਖਮੀ ਵਿਅਕਤੀ ਡੋਲੀ ਪਰਵੇਸ਼ ਕੁਮਾਰ ਦੇ ਬੇਟੇ ਰਾਹੁਲ ਨੇ ਦੱਸਿਆ ਕਿ ਉਸ ਨੂੰ ਕਿਸੇ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ ਹੈ ਜਿਸ ’ਤੇ ਉਸਨੇ ਮੌਕੇ ’ਤੇ ਪਹੁੰਚ ਕੇ ਸਭ ਤੋਂ ਪਹਿਲਾਂ ਇਲਾਜ ਲਈ ਆਪਣੇ ਪਿਤਾ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ।
ਇਸ ਮੌਕੇ ਕਾਰ ਚਾਲਕ ਬੰਟੀ ਨੇ ਦੱਸਿਆ ਕਿ ਉਹ ਪਠਾਨਕੋਟ ਇਲਾਕੇ ਦਾ ਰਹਿਣ ਵਾਲਾ ਹੈ ਤੇ ਆਪਣੇ ਪਰਿਵਾਰ ਦੇ ਨਾਲ ਉਹ ਅੰਮ੍ਰਿਤਸਰ ਤੋਂ ਦਵਾਈ ਲੈ ਕੇ ਜਦੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਇਕ ਬੱਸ ਦੀ ਉਨ੍ਹਾਂ ਦੀ ਸੜਕ ਕਿਨਾਰੇ ਖੜ੍ਹੀ ਸਵਿਫਟ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ’ਚ ਬੈਠੇ ਚਾਰ ਮੈਂਬਰ ਵਾਲ-ਵਾਲ ਬਚੇ।
ਇਸ ਦੌਰਾਨ ਮੌਕੇ ’ਤੇ ਪਹੁੰਚੇ ਥਾਣਾ ਧਾਰੀਵਾਲ ਦੇ ਪੁਲਸ ਅਧਿਕਾਰੀ ਸਬ-ਇੰਸਪੈਕਟਰ ਸੁਲੱਖਣ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਐਕਸੀਡੈਂਟ ਦੀ ਸੂਚਨਾ ਮਿਲੀ ਸੀ ਕਿ ਪ੍ਰਾਈਵੇਟ ਕੰਪਨੀ ਦੀ ਇਕ ਤੇਜ਼ ਰਫਤਾਰ ਬੱਸ, ਜੋ ਪਹਿਲਾਂ ਅੰਮ੍ਰਿਤਸਰ ਸਾਈਡ ਤੋਂ ਗੁਰਦਾਸਪੁਰ ਨੂੰ ਜਾ ਰਹੀ ਬੱਸ ਦੀ ਪਹਿਲਾਂ ਗੁਰਦਾਸਪੁਰ ਤੋਂ ਆ ਰਹੀ ਬੱਸ ਨਾਲ ਟੱਕਰ ਹੋਈ। ਫਿਰ ਸੜਕ ਦੇ ਕਿਨਾਰੇ ’ਤੇ ਖੜ੍ਹੀ ਸਵਿਫਟ ਕਾਰ ਨੂੰ ਸਾਈਡ ਵੱਜੀ ਤੇ ਫਿਰ ਇਕ ਸਕੂਟਰੀ ਸਵਾਰ ਵਿਅਕਤੀ ਨੂੰ ਰਗੜ ਦੀ ਲੈ ਗਈ। ਸਕੂਟਰੀ ਸਵਾਰ ਵਿਅਕਤੀ ਦੇ ਕਾਫੀ ਰਗੜਾ ਲੱਗੀਆਂ ਹਨ।
ਉਨ੍ਹਾਂ ਦੱਸਿਆ ਕਿ ਨਿੱਜੀ ਬੱਸ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਬੱਸ ਦਾ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਇਸ ਬੱਸ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
