ਅੰਮ੍ਰਿਤਸਰ, 19 ਅਪ੍ਰੈਲ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਨਸ਼ਾ ਤਸਕਰੀ ਦੇ ਇੱਕ ਅੰਤਰਰਾਸ਼ਟਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਅੰਮ੍ਰਿਤਸਰ ਦੇ ਮਾਹਲ ਬਾਈਪਾਸ ਕੋਲੋਂ ਦੋ ਵਿਅਕਤੀਆਂ ਨੂੰ 64.62 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਰਵਣ ਸਿੰਘ (ਵਾਸੀ ਪਿੰਡ ਅਵਾਨ ਵਸਾਊ) ਅਤੇ ਸ਼ਮਸ਼ੇਰ ਸਿੰਘ (ਵਾਸੀ ਪਿੰਡ ਦਿਆਲ ਰੰਗੜ) ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੀ ਮਾਰੂਤੀ ਸਵਿਫਟ ਕਾਰ ਵੀ ਜ਼ਬਤ ਕਰ ਲਈ ਹੈ, ਜਿਸ ਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਸਰਹੱਦ ਪਾਰੋਂ ਡਰੋਨ ਰਾਹੀਂ ਮੰਗਵਾਇਆ ਗਿਆ ਸੀ। ਇਸ ਗਿਰੋਹ ਦੇ ਤਾਰ ਪਾਕਿਸਤਾਨੀ ਸਮੱਗਲਰ ਮੂਸਾ ਅਤੇ ਪੁਰਤਗਾਲ ਵਿੱਚ ਬੈਠੇ ਹੈਂਡਲਰਾਂ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਮੱਗਲਰ ਮੂਸਾ ਦਾ ਨਾਮ 2019 ਵਿੱਚ ਅਟਾਰੀ ਬਾਰਡਰ ਤੋਂ ਬਰਾਮਦ ਹੋਈ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ।
ਏਆਈਜੀ ਐੱਸਐੱਸਓਸੀ ਅੰਮ੍ਰਿਤਸਰ, ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਇਹ ਨਸ਼ੇ ਦੀ ਖੇਪ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਬਦਲੇ ਵੱਡੀ ਰਕਮ ਦੇਣ ਦਾ ਲਾਲਚ ਦਿੱਤਾ ਗਿਆ ਸੀ। ਪੁਲਿਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਨੂੰ ਫੜਨ ਲਈ ਜਾਂਚ ਜਾਰੀ ਹੈ।
Read More : IPL 2026: ਸਟੱਬਸ ਤੇ ਰਾਹੁਲ ਦੀ ਤੂਫਾਨੀ ਪਾਰੀ
