5 ਸਾਲਾ ਬੱਚਾ ਜ਼ੇਰੇ ਇਲਾਜ
ਫਤਹਿਗੜ੍ਹ ਸਾਹਿਬ, 18 ਅਪ੍ਰੈਲ: ਫਤਹਿਗੜ੍ਹ ਸਾਹਿਬ ਦੇ ਨੇੜਲੇ ਪਿੰਡ ਥੜ ਗੁਜਰਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਬੇਕਾਬੂ ਰੇਹੜੀ ਦੇ ਛੱਪੜ ਵਿੱਚ ਪਲਟ ਜਾਣ ਕਾਰਨ ਇੱਕ ਔਰਤ ਅਤੇ ਉਸਦੇ 12 ਸਾਲਾ ਪੁੱਤਰ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਕਰਮਜੀਤ ਕੌਰ ਆਪਣੇ ਦੋ ਬੱਚਿਆਂ ਨਾਲ ਰੇਹੜੀ ‘ਤੇ ਪਾਥੀਆਂ ਲੱਦ ਕੇ ਜਾ ਰਹੀ ਸੀ। ਰਸਤੇ ਵਿੱਚ ਸੜਕ ਉੱਤੇ ਢਲਾਣ ਹੋਣ ਕਾਰਨ ਰੇਹੜੀ ਅਚਾਨਕ ਬੇਕਾਬੂ ਹੋ ਗਈ ਅਤੇ ਸਿੱਧੀ ਛੱਪੜ ਵਿੱਚ ਜਾ ਡਿੱਗੀ। ਹਾਦਸਾ ਹੁੰਦੇ ਹੀ ਔਰਤ ਅਤੇ ਦੋਵੇਂ ਬੱਚੇ ਪਾਣੀ ਵਿੱਚ ਡੁੱਬਣ ਲੱਗੇ। ਰੌਲਾ ਸੁਣ ਕੇ ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ।
ਪਿੰਡ ਵਾਸੀਆਂ ਨੇ 5 ਸਾਲਾ ਵਿਵੇਕ ਸਿੰਘ ਅਤੇ ਕਰਮਜੀਤ ਕੌਰ ਨੂੰ ਤਾਂ ਬਾਹਰ ਕੱਢ ਲਿਆ, ਪਰ 12 ਸਾਲਾ ਅਨੰਤਵੀਰ ਸਿੰਘ ਪੁੱਤਰ ਕੁਲਵਿੰਦਰਜੀਤ ਸਿੰਘ ਗਹਿਰੇ ਪਾਣੀ ਅਤੇ ਦਲਦਲ ਵਿੱਚ ਫਸ ਗਿਆ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢ ਕੇ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕਰਮਜੀਤ ਕੌਰ ਅਤੇ ਛੋਟੇ ਬੇਟੇ ਵਿਵੇਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਇਲਾਜ ਦੌਰਾਨ ਕਰਮਜੀਤ ਕੌਰ ਨੇ ਵੀ ਦਮ ਤੋੜ ਦਿੱਤਾ, ਜਦਕਿ 5 ਸਾਲਾ ਬੱਚੇ ਦਾ ਇਲਾਜ ਚੱਲ ਰਿਹਾ ਹੈ।
ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਬੱਚਿਆਂ ਦਾ ਪਿਤਾ ਕੁਲਵਿੰਦਰਜੀਤ ਸਿੰਘ ਰੋਜ਼ੀ-ਰੋਟੀ ਲਈ ਮਲੇਸ਼ੀਆ ਗਿਆ ਹੋਇਆ ਹੈ। ਘਟਨਾ ਸਮੇਂ ਮਾਸੂਮ ਪੋਤੇ ਨੂੰ ਬਚਾਉਣ ਲਈ ਉਸ ਦੇ ਦਾਦਾ ਗੁਰਦਾਸ ਸਿੰਘ ਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਛੱਪੜ ਵਿੱਚ ਛਾਲ ਮਾਰੀ ਸੀ, ਪਰ ਅਫਸੋਸ ਕਿ ਉਹ ਆਪਣੇ ਪੋਤੇ ਨੂੰ ਬਚਾਉਣ ਵਿੱਚ ਸਫਲ ਨਹੀਂ ਹੋ ਸਕੇ।
Read More : ਚਾਰਧਾਮ ਯਾਤਰਾ ਦੀ ਸ਼ੁਰੂਆਤ, 18.25 ਲੱਖ ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ
