Amritsar Murder News

ਰੰਜਿਸ਼ ਕਾਰਨ ਗੱਡੀ ‘ਚ ਬੈਠੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਤਿੰਨ ਮੋਟਰਸਾਈਕਲਾਂ ‘ਤੇ ਆਏ 6-8 ਹਮਲਾਵਰਾਂ ਨੇ ਮਨਜੀਤ ਸਿੰਘ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

ਲੋਪੋਕੇ, 16 ਅਪ੍ਰੈਲ : ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿੱਚ ਅੱਜ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦਿਨ-ਦਿਹਾੜੇ ਗੋਲੀਆਂ ਚਲਾ ਕੇ ਇੱਕ 32-33 ਸਾਲਾ ਨੌਜਵਾਨ ਮਨਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਨਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਚਾਰ ਬੱਚੇ ਛੱਡ ਗਿਆ ਹੈ।

ਜਾਣਕਾਰੀ ਅਨੁਸਾਰ ਮਨਜੀਤ ਸਿੰਘ ਆਪਣੀ ਗੱਡੀ ਵਿੱਚ ਬੈਠਾ ਹੋਇਆ ਸੀ, ਜਦੋਂ ਤਿੰਨ ਮੋਟਰਸਾਈਕਲਾਂ (ਦੋ ਬੁਲੇਟ ਅਤੇ ਇੱਕ ਸਪਲੈਂਡਰ) ‘ਤੇ ਸਵਾਰ ਲਗਭਗ 6 ਤੋਂ 8 ਹਮਲਾਵਰ ਮੌਕੇ ‘ਤੇ ਪਹੁੰਚੇ। ਹਮਲਾਵਰਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਗੱਡੀ ‘ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਮਨਜੀਤ ਸਿੰਘ ‘ਤੇ ਕੁੱਲ ਚਾਰ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਵਾਰਦਾਤ ਪਿੱਛੇ ਸਾਲ 2024 ਤੋਂ ਚੱਲੀ ਆ ਰਹੀ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ। ਉਸ ਸਮੇਂ ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਸਬੰਧੀ ਧਾਰਾ 452 ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਦੀਆਂ ਅਦਾਲਤੀ ਤਰੀਕਾਂ ਅਜੇ ਵੀ ਚੱਲ ਰਹੀਆਂ ਸਨ। ਪੁਲਿਸ ਅਨੁਸਾਰ ਹਮਲਾਵਰਾਂ ਨੇ ਪੂਰੀ ਯੋਜਨਾਬੱਧ ਤਰੀਕੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਨੇ ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚ ਸਰਗੁਰ ਸਾਹਿਬ ਸਿੰਘ, ਹਰਪਾਲ ਸਿੰਘ, ਰਣਧੀਰ ਸਿੰਘ ਅਤੇ ਜਗਬੀਰ ਸਿੰਘ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸਿਆਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਜਲਦ ਇਨਸਾਫ਼ ਦੀ ਮੰਗ ਕੀਤੀ ਹੈ।

Read More : ਸਰਹੱਦ ਪਾਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼: ਭਾਰੀ ਅਸਲੇ ਸਮੇਤ ਇਕ ਗ੍ਰਿਫ਼ਤਾਰ

Leave a Reply

Your email address will not be published. Required fields are marked *