ਮੀਂਹ ਤੇ ਗੜੇਮਾਰੀ ਨੇ ਵਿਗਾੜੀ ਕਣਕ ਦੀ ਰੰਗਤ; ਕਿਸਾਨਾਂ ਨੇ ਖ਼ਰੀਦ ਨਿਯਮਾਂ ’ਚ ਮੰਗੀ ਵੱਡੀ ਢਿੱਲ
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ : ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਨੇ ਮੁਕਤਸਰ ਜ਼ਿਲਾ ਦੀਆਂ ਭਲਾਈਆਣਾ, ਮਲੋਟ ਅਤੇ ਮੁਕਤਸਰ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਕੁਆਲਿਟੀ ਦੀ ਬਾਰੀਕੀ ਨਾਲ ਜਾਂਚ ਕੀਤੀ। ਟੀਮ ਵੱਲੋਂ ਮੰਡੀ ’ਚ ਆ ਰਹੀ ਕਣਕ ਦੇ ਨਮੂਨੇ ਇਕੱਠੇ ਕਰਕੇ ਨਮੀ, ਦਾਣਿਆਂ ਦੀ ਹਾਲਤ ਅਤੇ ਰੰਗ ਆਦਿ ਦੀ ਪੜਤਾਲ ਕੀਤੀ ਗਈ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਗੜੇਮਾਰੀ ਅਤੇ ਮੀਂਹ ਕਾਰਨ ਕਈ ਥਾਵਾਂ ’ਤੇ ਕਣਕ ਦੇ ਦਾਣੇ ਕਾਲੇ ਪੈ ਗਏ ਹਨ ਅਤੇ ਕੁਝ ਥਾਵਾਂ ’ਤੇ ਦਾਣੇ ਪੁੰਗਰ ਵੀ ਗਏ ਹਨ, ਜਿਸ ਨਾਲ ਗੁਣਵੱਤਾ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਟੀਮ ਸਾਹਮਣੇ ਰੱਖਦਿਆਂ ਮੰਗ ਕੀਤੀ ਕਿ ਨੁਕਸਾਨੀ ਗਈ ਕਣਕ ਦੀ ਖ਼ਰੀਦ ਸਮੇਂ ਨਮੀ, ਦਾਣਿਆਂ ਦੀ ਹਾਲਤ ਅਤੇ ਰੰਗ ਆਦਿ ਦੇ ਨਿਯਮਾਂ ’ਚ ਢਿੱਲ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਜਾਂਚ ਟੀਮ ’ਚ ਸ਼ਾਮਲ ਕੇਂਦਰ ਸਰਕਾਰ ਦੇ ਅਧਿਕਾਰੀ ਅਭਿਸ਼ੇਕ ਪਾਂਡੇ ਸਮੇਤ ਐੱਫ. ਸੀ. ਆਈ. ਏ. ਜੀ. ਐੱਮ. (ਕੁਆਲਿਟੀ) ਨੀਨਾਵਥ ਰਾਮਉਲੂ, ਮੈਨੇਜਰ (ਕੁਆਲਿਟੀ) ਸੋਹਨ ਸਿੰਘ ਮੀਨਾ, ਮੈਨੇਜਰ ਐੱਫ. ਸੀ. ਆਈ. ਸੰਜੇ ਕੁਮਾਰ ਅਤੇ ਗੁਰੀ ਸ਼ੰਕਰ ਟੀ. ਏ. ਆਦਿ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਆ ਰਹੀ ਕਣਕ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਖ਼ਰੀਦ ਪ੍ਰਕਿਰਿਆ ’ਚ ਪਾਰਦਰਸ਼ਤਾ ਬਣੀ ਰਹੇ।
ਇਸ ਮੌਕੇ ਮੁਕਤਸਰ ਜ਼ਿਲਾ ਦੇ ਡੀ. ਐੱਫ. ਐੱਸ.沟通. ਗੁਰਤਾਰ ਸਿੰਘ ਬੁੱਟਰ, ਏ. ਐੱਫ. ਐੱਸ. ਓ. ਮਨਿੰਦਰ ਸਿੰਘ, ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਰਮੀਤ ਸਿੰਘ ਜੌੜਾ, ਸੁਨੀਲ ਕੁਮਾਰ, ਅਮਰਿੰਦਰ ਸਿੰਘ, ਵਰਿੰਦਰ ਸਿੰਘ, ਬਿਕਰਮਜੀਤ ਸਿੰਘ ਅਤੇ ਰਮਨਦੀਪ ਸਮਾਘ ਤੋਂ ਇਲਾਵਾ ਆੜ੍ਹਤੀਆਂ ਤੇ ਕਿਸਾਨਾਂ ਦੀ ਮੌਜੂਦਗੀ ’ਚ ਟੀਮ ਵੱਲੋਂ ਸੈਂਪਲ ਇਕੱਠੇ ਕੀਤੇ ਗਏ।
ਉੱਥੇ ਹੀ, ਮਲੋਟ ’ਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਸ਼ ਗੋਇਲ, ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਰਹੇਜਾ ਅਤੇ ਸੁਪਰਵਾਈਜ਼ਰ ਸੰਦੀਪ ਕੁਮਾਰ ਨੇ ਦੱਸਿਆ ਕਿ ਕੇਂਦਰੀ ਖ਼ਰੀਦ ਏਜੰਸੀ ਐੱਫ. ਸੀ. ਆਈ. ਦੀਆਂ ਟੀਮਾਂ ਨੇ ਮੰਡੀਆਂ ’ਚ ਪਈ ਕਣਕ ਦੀ ਗੁਣਵੱਤਾ ਦੇ ਸੈਂਪਲ ਲਏ ਹਨ।
Read More : ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਸਮੇਂ ਦੀ ਲੋੜ, ਇਯਾਲੀ ਵੱਲੋਂ ਵਿਧਾਨ ਸਭਾ ’ਚ ਬਿੱਲ ਦੀ ਹਮਾਇਤ
