ਇਯਾਲੀ

ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਸਮੇਂ ਦੀ ਲੋੜ, ਇਯਾਲੀ ਵੱਲੋਂ ਵਿਧਾਨ ਸਭਾ ’ਚ ਬਿੱਲ ਦੀ ਹਮਾਇਤ

ਤਤਕਾਲੀ ਅਕਾਲੀ ਸਰਕਾਰ ਨੂੰ ਲਿਆ ਨਿਸ਼ਾਨੇ ’ਤੇ; ਬੇਅਦਬੀ ਮਾਮਲਿਆਂ ਦਾ ਟ੍ਰਾਇਲ ਇਕ ਸਾਲ ’ਚ ਮੁਕੰਮਲ ਕਰਨ ਦਾ ਦਿੱਤਾ ਸੁਝਾਅ

ਚੰਡੀਗੜ੍ਹ, 13 ਅਪ੍ਰੈਲ : ਪੰਜਾਬ ਵਿਧਾਨ ਸਭਾ ’ਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ’ਤੇ ਚਰਚਾ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬਿੱਲ ਦੀ ਪੁਰਜ਼ੋਰ ਹਮਾਇਤ ਕਰਦਿਆਂ ਸਖ਼ਤ ਕਾਨੂੰਨ ਨੂੰ ਸਮੇਂ ਦੀ ਅਣਸਰਦੀ ਲੋੜ ਦੱਸਿਆ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ‘ਜਗਤ ਗੁਰੂ’ ਹਨ, ਇਸ ਲਈ ਉਨ੍ਹਾਂ ਦੀ ਬੇਅਦਬੀ ਵਰਗਾ ਘਿਨਾਉਣਾ ਅਪਰਾਧ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾ ਸਕਦਾ।

ਸਦਨ ’ਚ ਬੋਲਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਕੌਮ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਉਨ੍ਹਾਂ ਸਿੱਧਾ ਦੋਸ਼ ਲਾਇਆ ਕਿ ਤਤਕਾਲੀ ਅਕਾਲੀ ਸਰਕਾਰ ਨੇ ਨਾ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਨਾ ਹੀ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਇਨਸਾਫ਼ ਮੰਗ ਰਹੀ ਸੰਗਤ ’ਤੇ ਗੋਲੀਆਂ ਚਲਾਉਣ ਅਤੇ ਮੁਲਜ਼ਮਾਂ ਪ੍ਰਤੀ ਨਰਮੀ ਦਿਖਾਉਣ ਕਾਰਨ ਹੀ ਅਕਾਲੀ ਦਲ ਨੂੰ ਵੱਡਾ ਸਿਆਸੀ ਖ਼ਮਿਆਜ਼ਾ ਭੁਗਤਣਾ ਪਿਆ ਹੈ।

ਵਿਧਾਇਕ ਇਯਾਲੀ ਨੇ ਸਮਾਣਾ ਦੇ ਟਾਵਰ ਮੋਰਚੇ ’ਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਇਹ ਬਿੱਲ ਇਨ੍ਹਾਂ ਲੋਕਾਂ ਦੀ ਜਿੱਤ ਹੈ, ਜੋ 18-19 ਮਹੀਨਿਆਂ ਤੋਂ ਦਿਨ-ਰਾਤ ਸਖ਼ਤ ਕਾਨੂੰਨ ਦੀ ਮੰਗ ਕਰ ਰਹੇ ਸਨ।

ਇਯਾਲੀ ਨੇ ਇਕ ਅਹਿਮ ਸੁਝਾਅ ਪੇਸ਼ ਕਰਦਿਆਂ ਮੰਗ ਕੀਤੀ ਕਿ ਬੇਅਦਬੀ ਦੇ ਮਾਮਲਿਆਂ ਦਾ ਟ੍ਰਾਇਲ ਇਕ ਸਾਲ ਦੇ ਅੰਦਰ ਮੁਕੰਮਲ ਹੋਣਾ ਚਾਹੀਦਾ ਹੈ। ਕਿਸੇ ਵੀ ਸੂਰਤ ’ਚ ਅਜਿਹੇ ਸੰਵੇਦਨਸ਼ੀਲ ਕੇਸਾਂ ਦਾ ਫ਼ੈਸਲਾ ਦੋ ਸਾਲ ਤੋਂ ਵੱਧ ਸਮਾਂ ਨਾ ਲਵੇ। ਅਖੀਰ ’ਚ ਇਯਾਲੀ ਨੇ ਸਰਕਾਰ ਨੂੰ ਸੁਚੇਤ ਕੀਤਾ ਕਿ ਇਸ ਕਾਨੂੰਨ ਦੀ ਵਰਤੋਂ ਸਿਰਫ਼ ਇਨਸਾਫ਼ ਅਤੇ ਗੁਰੂ ਸਾਹਿਬ ਦੇ ਸਤਿਕਾਰ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਸਿਆਸੀ ਬਦਲਾਖ਼ੋਰੀ ਲਈ ਇਸ ਕਾਨੂੰਨ ਦੀ ਦੁਰਵਰਤੋਂ ਨਾ ਕੀਤੀ ਜਾਵੇ।

Read More : ਕਮਲ ਕੌਰ ਭਾਬੀ ਕਤਲ ਕਾਂਡ: ਮੁਲਜ਼ਮ ਮਹਿਰੋਂ ਨੇ ਕਬੂਲਿਆ ਗੁਨਾਹ

Leave a Reply

Your email address will not be published. Required fields are marked *