ਚੱਪਲ ਫੜਦੇ ਸਮੇਂ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਡੇਰਾ ਬਾਬਾ ਨਾਨਕ, 12 ਅਪ੍ਰੈਲ : ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਡ ਧਰਮਕੋਟ ਪੱਤਣ ਵਿਖੇ ਰਾਵੀ ਦਰਿਆ ‘ਚ ਡੁੱਬਣ ਕਾਰਨ ਇਕ 11 ਸਾਲਾ ਮਾਸੂਮ ਬੱਚੇ ਦੀ ਮੌਤ ਹੋਣ ਦਾ ਅਤਿ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਪ੍ਰਭਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਪ੍ਰਭਜੋਤ ਸਿੰਘ ਬੀਤੇ ਕੱਲ੍ਹ ਵਿਸਾਖੀ ਦੇ ਮੇਲੇ ਦੇ ਸਬੰਧ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਆਪਣੇ ਦੋਸਤ ਨਾਲ ਗਿਆ ਸੀ। ਸ਼ਾਮ ਤੱਕ ਘਰ ਨਾ ਪਰਤਣ ‘ਤੇ ਜਦੋਂ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਦਰਿਆ ਵੱਲ ਗਿਆ ਸੀ।
ਜਾਣਕਾਰੀ ਅਨੁਸਾਰ ਦਰਿਆ ਦੇ ਪਾਣੀ ਵਿੱਚ ਰੁੜ੍ਹ ਰਹੀ ਆਪਣੀ ਚੱਪਲ ਨੂੰ ਫੜਨ ਦੀ ਕੋਸ਼ਿਸ਼ ਕਰਦਿਆਂ ਪ੍ਰਭਜੋਤ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡੂੰਘੇ ਪਾਣੀ ਵਿੱਚ ਜਾ ਡੁੱਬਿਆ। ਖ਼ੌਫ਼ ਦੇ ਮਾਰੇ ਉਸ ਦੇ ਦੋਸਤ ਨੇ ਸ਼ੁਰੂ ਵਿੱਚ ਘਰ ਜਾਣਕਾਰੀ ਨਹੀਂ ਦਿੱਤੀ ਸੀ, ਪਰ ਬਾਅਦ ਵਿੱਚ ਸਖ਼ਤੀ ਨਾਲ ਪੁੱਛਣ ‘ਤੇ ਉਸ ਨੇ ਸਾਰੀ ਗੱਲ ਦੱਸੀ।
ਅੱਜ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਪਿੰਡ ਵਾਸੀਆਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਪ੍ਰਭਜੋਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਬੱਚੇ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਦੁੱਖ ਦੀ ਲਹਿਰ ਹੈ। ਇਸ ਮੌਕੇ ਮ੍ਰਿਤਕ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਵੀ ਦਰਿਆ ਵਿੱਚ ਕੋਈ ਵੀ ਨਹਾਉਣ ਨਾ ਆਵੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਅਤੇ ਮਾਈਨਿੰਗ ਕਾਰਨ ਦਰਿਆ ਵਿੱਚ ਕਈ ਥਾਵਾਂ ‘ਤੇ ਬਣੇ ਡੂੰਘੇ ਖਾਲ ਜਾਨਲੇਵਾ ਸਾਬਤ ਹੋ ਰਹੇ ਹਨ।
Read More : ਤਲਵੰਡੀ ਸਾਬੋ ਨੂੰ ਮਿਲਿਆ ਨਵਾਂ ਪ੍ਰਸ਼ਾਸਨਿਕ ਕੰਪਲੈਕਸ, ਸੀ.ਐੱਮ. ਮਾਨ ਨੇ ਕੀਤਾ ਉਦਘਾਟਨ
