ਸੀ.ਬੀ.ਆਈ. ਨੇ ਇੰਟਰਪੋਲ ਰਾਹੀਂ ਕੀਤਾ ਟ੍ਰੈਕ; ਕਤਲ ਅਤੇ ਡਕੈਤੀ ਸਣੇ ਕਈ ਗੰਭੀਰ ਮਾਮਲਿਆਂ ’ਚ ਸੀ ਲੋੜੀਂਦਾ
ਨਵੀਂ ਦਿੱਲੀ, 11 ਅਪ੍ਰੈਲ : ਦੇਸ਼ ਦੇ ਕਈ ਸੂਬਿਆਂ ’ਚ ਗੰਭੀਰ ਅਪਰਾਧਿਕ ਮਾਮਲਿਆਂ ’ਚ ਲੋੜੀਂਦੇ ਬਦਨਾਮ ਗੈਂਗਸਟਰ ਸਾਹਿਲ ਚੌਹਾਨ ਨੂੰ ਥਾਈਲੈਂਡ ਤੋਂ ਭਾਰਤ ਲਿਆਂਦਾ ਗਿਆ ਹੈ। ਚੌਹਾਨ ਵਿਰੁੱਧ ਇੰਟਰਪੋਲ ਨੇ ‘ਰੇਡ ਕਾਰਨਰ ਨੋਟਿਸ’ ਜਾਰੀ ਕੀਤਾ ਹੋਇਆ ਸੀ।
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇੰਟਰਪੋਲ ਰਾਹੀਂ ਉਸ ਨੂੰ ਟ੍ਰੈਕ ਕੀਤਾ ਅਤੇ ਸ਼ੁੱਕਰਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਾਪਸ ਲਿਆਂਦਾ ਗਿਆ, ਜਿੱਥੋਂ ਪੁਲਸ ਨੇ ਉਸ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ। ਸਾਹਿਲ ਚੌਹਾਨ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਨਾਲ ਸਬੰਧਤ ਕਈ ਸੰਗੀਨ ਮਾਮਲਿਆਂ ’ਚ ਲੋੜੀਂਦਾ ਸੀ।
ਜ਼ਿਕਰਯੋਗ ਹੈ ਕਿ ਸਾਹਿਲ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ’ਚ ਸਰਗਰਮ ਸੀ। 4 ਜਨਵਰੀ, 2017 ਨੂੰ ਜਗਾਧਰੀ ਦੀ ਇਕ ਅਦਾਲਤ ਨੇ ਉਸ ਨੂੰ ਵਿਰੋਧੀ ਗੈਂਗਸਟਰ ਮੋਨੂੰ ਰਾਣਾ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਤੋਂ ਬਾਅਦ ਉਹ ਜ਼ਮਾਨਤ ’ਤੇ ਰਿਹਾਅ ਹੋ ਕੇ ਵਿਦੇਸ਼ ਭੱਜ ਗਿਆ ਸੀ। ਹੁਣ ਪੁਲਸ ਵੱਲੋਂ ਉਸ ਵਿਰੁੱਧ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
Read More : PBKS vs SRH : ਪੰਜਾਬ ਕਿੰਗਜ਼ ਨੇ ਰਚਿਆ ਇਤਿਹਾਸ
