goli-Patiala

ਕਾਂਗਰਸੀ ਆਗੂ ਦੇ ਭਤੀਜੇ ਨੇ ਨੌਜਵਾਨ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕ

ਪਿੰਡ ਲਚਕਾਣੀ ’ਚ ਹੋਈ ਵਾਰਦਾਤ; ਪਰਿਵਾਰ ਨੇ ਨੂੰਹ ਦੇ ਸਬੰਧਾਂ ਨੂੰ ਲੈ ਕੇ ਲਾਏ ਗੰਭੀਰ ਦੋਸ਼, ਮੁਲਜ਼ਮ ਫ਼ਰਾਰ

ਪਟਿਆਲਾ, 11 ਅਪ੍ਰੈਲ : ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਲਚਕਾਣੀ ਵਿਖੇ ਬੀਤੀ ਰਾਤ ਚੱਲੀ ਗੋਲੀ ’ਚ ਮਾਰਕੀਟ ਕਮੇਟੀ ਪਟਿਆਲਾ ਦਾ ਕਰਮਚਾਰੀ ਨਵਕਿਰਨ ਸਿੰਘ ਬਨੀ ਖਰੋੜ ਗੰਭੀਰ ਜ਼ਖ਼ਮੀ ਹੋ ਗਿਆ। ਗੋਲੀ ਨਵਕਿਰਨ ਦੇ ਦਿਲ ਦੇ ਕੋਲੋਂ ਲੰਘ ਗਈ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ’ਚ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।

ਜ਼ਖ਼ਮੀ ਨਵਕਿਰਨ ਦੀ ਮਾਤਾ ਸੁਰਿੰਦਰ ਕੌਰ ਅਤੇ ਮਾਸੀ ਮਨਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਨੂੰਹ ਦੇ ਇਕ ਕਾਂਗਰਸੀ ਆਗੂ ਦੇ ਭਤੀਜੇ ਨਾਲ ਸਬੰਧ ਹਨ। ਇਸ ਗੱਲ ਨੂੰ ਲੈ ਕੇ ਜਦੋਂ ਨੂੰਹ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕਾਂਗਰਸੀ ਆਗੂ ਦੇ ਭਤੀਜੇ ਨੂੰ ਫ਼ੋਨ ਕਰਕੇ ਘਰ ਬੁਲਾ ਲਿਆ। ਉੱਥੇ ਨਵਕਿਰਨ ਨਾਲ ਬਹਿਸ ਅਤੇ ਹੱਥੋਪਾਈ ਤੋਂ ਬਾਅਦ ਹਮਲਾਵਰ ਨੇ ਆਪਣੀ ਪਿਸਤੌਲ ਨਾਲ ਨਵਕਿਰਨ ’ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਪੀੜਤ ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਹਮਲਾਵਰ ਉੱਚੀ ਪਹੁੰਚ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਪਰਿਵਾਰ ਨੇ ਐੱਸ.ਐੱਸ.ਪੀ. ਵਰੁਣ ਸ਼ਰਮਾ ਤੋਂ ਮੰਗ ਕੀਤੀ ਕਿ ਹਮਲਾਵਰਾਂ ਵਿਰੁੱਧ ਇਰਾਦਾ-ਏ-ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਸਬੰਧੀ ਜਦੋਂ ਐੱਸ.ਐੱਚ.ਓ. ਬਖਸ਼ੀਵਾਲਾ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਘਟਨਾ ਦੀ ਸੂਚਨਾ ਮਿਲ ਗਈ ਹੈ। ਪੁਲਸ ਪਾਰਟੀ ਜ਼ਖ਼ਮੀ ਦੇ ਬਿਆਨ ਲੈਣ ਲਈ ਹਸਪਤਾਲ ਭੇਜ ਦਿੱਤੀ ਗਈ ਹੈ ਅਤੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਅਸਲ ਤੱਥ ਸਾਹਮਣੇ ਆਉਣਗੇ।

Read More : ਬਟਾਲਾ ਪੁਲਸ ਵਲੋਂ ਸਾਢੇ 6 ਕਿਲੋ ਹੈਰੋਇਨ ਅਤੇ ਅਸਲੇ ਸਮੇਤ ਮੁਲਜ਼ਮ ਗ੍ਰਿਫਤਾਰ

Leave a Reply

Your email address will not be published. Required fields are marked *