ਪੰਜਾਬ ਦੇ ਗੱਭਰੂਆਂ ਨੇ ਆਲ ਇੰਡੀਆ ਰੈਂਕ ਵਿੱਚ ਮਾਰੀ ਬਾਜ਼ੀ
ਚੰਡੀਗੜ੍ਹ, 10 ਅਪ੍ਰੈਲ : ਪੰਜਾਬ ਦੀ ਮਸ਼ਹੂਰ ਸੰਸਥਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (AFPI) ਦੇ 20 ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (NDA)-156 ਕੋਰਸ ਦੀ ਅੰਤਿਮ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਹ ਕੈਡਿਟ ਜੂਨ 2026 ਵਿੱਚ ਖੜਕਵਾਸਲਾ ਵਿਖੇ ਆਪਣੀ ਸਿਖਲਾਈ ਸ਼ੁਰੂ ਕਰਨਗੇ।
ਕੌਮੀ ਪੱਧਰ ਦੀ ਇਸ ਮੈਰਿਟ ਸੂਚੀ ਵਿੱਚ ਸੰਸਥਾ ਦੇ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿਚ ਕੈਡਿਟ ਅਭੀਸ਼ (ਮੋਹਾਲੀ): ਦੇਸ਼ ਭਰ ਵਿੱਚੋਂ ਚੌਥਾ (4th) ਰੈਂਕ ਹਾਸਲ ਕੀਤਾ, ਕੈਡਿਟ ਗੁਰਕਰਨਜੀਤ ਸਿੰਘ (ਮਾਲੇਰਕੋਟਲਾ): ਆਲ ਇੰਡੀਆ ਪੱਧਰ ‘ਤੇ 12ਵਾਂ ਰੈਂਕ ਪ੍ਰਾਪਤ ਕੀਤਾ। ਸੰਸਥਾ ਦੇ ਕੁੱਲ 5 ਕੈਡਿਟ ਦੇਸ਼ ਦੇ ਪਹਿਲੇ 100 ਸਥਾਨਾਂ ਵਿੱਚ ਸ਼ਾਮਲ ਹਨ।
ਪੰਜਾਬ ਦੇ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਸ ਵੱਡੀ ਪ੍ਰਾਪਤੀ ‘ਤੇ ਕੈਡਿਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਸਦਕਾ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਗੱਭਰੂ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਕੈਡਿਟਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ।
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਕੈਡਿਟਾਂ ਦੇ ਪ੍ਰਦਰਸ਼ਨ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਸੰਸਥਾ ਭਾਰਤੀ ਹਥਿਆਰਬੰਦ ਫੌਜਾਂ ਨੂੰ ਬਿਹਤਰੀਨ ਅਫ਼ਸਰ ਦੇਣ ਦੇ ਆਪਣੇ ਰਿਕਾਰਡ ਨੂੰ ਲਗਾਤਾਰ ਬਰਕਰਾਰ ਰੱਖ ਰਹੀ ਹੈ। ਹੁਣ ਚੁਣੇ ਗਏ ਕੈਡਿਟਾਂ ਨੂੰ ਅਕੈਡਮੀ ਵੱਲੋਂ ਜੁਆਇਨਿੰਗ ਲੈਟਰਾਂ ਦੀ ਉਡੀਕ ਹੈ।
Read More : ਹਿਮਾਚਲ ‘ਚ ਪੰਜਾਬ ਦੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਖੱਡ ‘ਚ ਡਿੱਗੀ; 3 ਦੀ ਮੌਤ
