ਬਰੇਕ ਫੇਲ ਹੋਣ ਕਾਰਨ ਵਾਪਰਿਆ ਹਾਦਸਾ; 32 ਜ਼ਖ਼ਮੀ
ਕਾਂਗੜਾ, 10 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਤੋਂ ਆਏ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ 3 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦਕਿ ਬੱਚਿਆਂ ਅਤੇ ਔਰਤਾਂ ਸਮੇਤ 32 ਹੋਰ ਲੋਕ ਜ਼ਖ਼ਮੀ ਹੋਏ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਨੈਸ਼ਨਲ ਹਾਈਵੇਅ-503 ‘ਤੇ ਢਲਿਆਰਾ ਨੇੜੇ ਦੁਪਹਿਰ ਕਰੀਬ 12:15 ਵਜੇ ਵਾਪਰਿਆ। ਸ਼ਰਧਾਲੂ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਤੋਂ ਬਾਅਦ ਜਵਾਲਾਜੀ ਮੰਦਰ ਜਾ ਰਹੇ ਸਨ। ਢਲਿਆਰਾ ਮੋੜ ‘ਤੇ ਅਚਾਨਕ ਟਰੈਕਟਰ ਦੀਆਂ ਬਰੇਕਾਂ ਫੇਲ ਹੋ ਗਈਆਂ, ਜਿਸ ਕਾਰਨ ਵਾਹਨ ਬੇਕਾਬੂ ਹੋ ਕੇ ਖੱਡ ਵਿੱਚ ਪਲਟ ਗਿਆ।
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਬਚਾਅ ਕਾਰਜ ਚਲਾਇਆ। ਸਾਰੇ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢ ਕੇ ਦੇਹਰਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸ.ਪੀ. ਦੇਹਰਾ ਮਯੰਕ ਚੌਧਰੀ ਨੇ ਦੱਸਿਆ ਕਿ ਟਰੈਕਟਰ-ਟਰਾਲੀ ਵਿੱਚ 35 ਤੋਂ ਵੱਧ ਲੋਕ ਸਵਾਰ ਸਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ ਤਹਿਤ ਟਰੈਕਟਰ-ਟਰਾਲੀ ਦੀ ਵਰਤੋਂ ਸਵਾਰੀਆਂ ਢੋਣ ਲਈ ਕਰਨ ਦੀ ਮਨਾਹੀ ਹੈ। ਇਸ ਨਿਯਮ ਦੀ ਅਣਦੇਖੀ ਕਾਰਨ ਹੀ ਇਹ ਵੱਡਾ ਜਾਨੀ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Read More : PSEB ਵੱਲੋਂ 8ਵੀਂ ਜਮਾਤ ਦਾ ਨਤੀਜਾ ਐਲਾਨਿਆ; ਮੈਰਿਟ ਵਿਚ ਕੁੜੀਆਂ ਨੇ ਮਾਰੀ ਬਾਜ਼ੀ
