ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ; ਸਬਜ਼ੀਆਂ ਦੇ ਨੁਕਸਾਨ ਦੀ ਗਿਰਦਾਵਰੀ ਦਾ ਦਿੱਤਾ ਭਰੋਸਾ
ਸੁਨਾਮ, 10 ਅਪ੍ਰੈਲ : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਪਿੰਡਾਂ ਬਲਵਾੜ ਕਲਾਂ, ਖੁਰਾਣੀ, ਸੋਹੀਆਂ ਕਲਾਂ, ਈਲਵਾਲ, ਕਨੋਈ ਅਤੇ ਕੁਲਾਰ ਖੁਰਦ ਦਾ ਵਿਸਤ੍ਰਿਤ ਦੌਰਾ ਕਰਦਿਆਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ 65 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਪੰਚਾਇਤਾਂ ਨੂੰ ਸੌਂਪੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਮਾਡਲ ਪਿੰਡਾਂ ’ਚ ਤਬਦੀਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤਹਿਤ ਸੜਕਾਂ ਦੀ ਮੁਰੰਮਤ, ਗਲੀ-ਨਾਲੀਆਂ, ਸਾਫ਼ ਪੀਣਯੋਗ ਪਾਣੀ, ਸਟਰੀਟ ਲਾਈਟਾਂ ਅਤੇ ਸਰਕਾਰੀ ਇਮਾਰਤਾਂ ਦੇ ਕੰਮ ਤਰਜੀਹੀ ਅਧਾਰ ’ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕੀਤੇ ਜਾਣ।
ਬਰਸਾਤ ਕਾਰਨ ਸਬਜ਼ੀਆਂ ਦੇ ਹੋਏ ਨੁਕਸਾਨ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪੀੜਤ ਕਿਸਾਨ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਗਰੂਰ ਦੀ ਧਰਤੀ ਯੋਧਿਆਂ ਅਤੇ ਸ਼ਹੀਦਾਂ ਦੀ ਧਰਤੀ ਹੈ, ਇਸ ਸਬੰਧੀ ਕੋਈ ਵੀ ਅਪਮਾਨਜਨਕ ਸ਼ਬਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿੰਡ ਵਾਸੀਆਂ ਨੇ ਗ੍ਰਾਂਟਾਂ ਲਈ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਲੰਬੇ ਸਮੇਂ ਤੋਂ ਰੁਕੇ ਵਿਕਾਸ ਕਾਰਜ ਹੁਣ ਜਲਦੀ ਮੁਕੰਮਲ ਹੋਣਗੇ। ਇਸ ਮੌਕੇ ਸਥਾਨਕ ਪੰਚਾਇਤ ਮੈਂਬਰ, ਪ੍ਰਮੁੱਖ ਆਗੂ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਮੌਜੂਦ ਸਨ।
Read More : ਮੁੱਖ ਮੰਤਰੀ ਦੇ ਓ.ਐਸ.ਡੀ. ਨੇ ਧੂਰੀ ਮੰਡੀ ’ਚ ਕਣਕ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
