ਸ਼ੁਭਮਨ ਗਿੱਲ

ਦਿੱਲੀ ਵਿਰੁੱਧ ਜਿੱਤ ਦੇ ਬਾਵਜੂਦ ਸ਼ੁਭਮਨ ਗਿੱਲ ਨੂੰ ਲੱਗਾ ਵੱਡਾ ਝਟਕਾ

12 ਲੱਖ ਰੁਪਏ ਜੁਰਮਾਨਾ ਲੱਗਿਆ

ਨਵੀਂ ਦਿੱਲੀ, 9 ਅਪ੍ਰੈਲ : ਦਿੱਲੀ ਕੈਪੀਟਲਜ਼ ਵਿਰੁੱਧ ਖੇਡੇ ਗਏ ਰੋਮਾਂਚਕ ਮੈਚ ਵਿਚ ਜਿੱਤ ਦਰਜ ਕਰਨ ਦੇ ਬਾਵਜੂਦ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ‘ਤੇ ਆਈ.ਪੀ.ਐਲ. (IPL 2026) ਪ੍ਰਬੰਧਕਾਂ ਵੱਲੋਂ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਕਾਰਵਾਈ ਮੈਚ ਦੌਰਾਨ ‘ਹੌਲੀ ਓਵਰ-ਰੇਟ’ (Slow Over-rate) ਰੱਖਣ ਕਾਰਨ ਕੀਤੀ ਗਈ ਹੈ।

ਆਈ.ਪੀ.ਐਲ. ਦੇ ਨਿਯਮਾਂ ਅਨੁਸਾਰ, ਗੁਜਰਾਤ ਦੀ ਟੀਮ ਨਿਰਧਾਰਤ ਸਮੇਂ ਅੰਦਰ ਆਪਣੇ 20 ਓਵਰ ਪੂਰੇ ਕਰਨ ਵਿੱਚ ਅਸਫ਼ਲ ਰਹੀ। ਇਸ ਸੀਜ਼ਨ ਵਿੱਚ ਟੀਮ ਦੀ ਇਹ ਪਹਿਲੀ ਗਲਤੀ ਸੀ, ਜਿਸ ਕਾਰਨ ਆਚਾਰ ਸੰਹਿਤਾ ਦੀ ਉਲੰਘਣਾ ਤਹਿਤ ਸਿਰਫ਼ ਕਪਤਾਨ ‘ਤੇ ਹੀ ਜੁਰਮਾਨਾ ਲਗਾਇਆ ਗਿਆ ਹੈ। ਜੇਕਰ ਟੀਮ ਅੱਗੇ ਵੀ ਇਹੀ ਗਲਤੀ ਦੁਹਰਾਉਂਦੀ ਹੈ, ਤਾਂ ਜੁਰਮਾਨੇ ਦੀ ਰਾਸ਼ੀ ਵਧ ਸਕਦੀ ਹੈ ਅਤੇ ਬਾਕੀ ਖਿਡਾਰੀਆਂ ‘ਤੇ ਵੀ ਜੁਰਮਾਨਾ ਲੱਗ ਸਕਦਾ ਹੈ।

ਇਸ ਰੋਮਾਂਚਕ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਸਿਰਫ਼ 1 ਦੌੜ ਨਾਲ ਹਰਾਇਆ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 210 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ 209/8 ਦੌੜਾਂ ਹੀ ਬਣਾ ਸਕੀ।

ਮੈਚ ਦੀ ਆਖਰੀ ਗੇਂਦ ‘ਤੇ ਕੁਲਦੀਪ ਯਾਦਵ ਦੇ ਰਨ ਆਊਟ ਹੋਣ ਨਾਲ ਗੁਜਰਾਤ ਨੇ ਇਸ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਹੁਣ ਗੁਜਰਾਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ।

Read More : ਵਿਧਾਇਕ ਹਰਮੀਤ ਪਠਾਣਮਾਜਰਾ ਪਟਿਆਲਾ ਜੇਲ੍ਹ ਤੋਂ ਬਠਿੰਡਾ ਸ਼ਿਫਟ

Leave a Reply

Your email address will not be published. Required fields are marked *