ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
ਪਟਿਆਲਾ, 9 ਅਪ੍ਰੈਲ : ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਸੁਰੱਖਿਆ ਕਾਰਨਾਂ ਕਰਕੇ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਠਿੰਡਾ ਦੀ ਹਾਈ-ਸਿਕਿਓਰਿਟੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਠਾਣਮਾਜਰਾ ਜਬਰ-ਜ਼ਨਾਹਗ ਦੇ ਇੱਕ ਮਾਮਲੇ ਵਿੱਚ ਨਿਆਂਇਕ ਰਿਮਾਂਡ ਤਹਿਤ ਪਟਿਆਲਾ ਜੇਲ੍ਹ ਵਿੱਚ ਬੰਦ ਸਨ।
ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਇਹ ਕਾਰਵਾਈ 8 ਅਪ੍ਰੈਲ ਨੂੰ ਅਮਲ ਵਿਚ ਲਿਆਂਦੀ ਗਈ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਬਦੀਲੀ ਸਿਰਫ਼ ਸੁਰੱਖਿਆ ਚਿੰਤਾਵਾਂ ਕਾਰਨ ਕੀਤੀ ਗਈ ਹੈ। ਦੂਜੇ ਪਾਸੇ, ਵਿਧਾਇਕ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ-ਪ੍ਰੇਸ਼ਾਨ ਕਰਨ ਲਈ ਦੂਰ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਠਾਣਮਾਜਰਾ ਨੂੰ 25 ਮਾਰਚ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਹੁਣ ਉਨ੍ਹਾਂ ਨੂੰ ਬਠਿੰਡਾ ਜੇਲ੍ਹ ਵਿੱਚ ਰੱਖਿਆ ਜਾਵੇਗਾ, ਜੋ ਕਿ ਆਪਣੇ ਅਤਿ-ਆਧੁਨਿਕ ਸੁਰੱਖਿਆ ਪ੍ਰਬੰਧਾਂ ਲਈ ਜਾਣੀ ਜਾਂਦੀ ਹੈ ਅਤੇ ਜਿੱਥੇ ਪਹਿਲਾਂ ਹੀ ਕਈ ਵੱਡੇ ਅਪਰਾਧੀ ਬੰਦ ਹਨ।
Read More : ਮੋਹਾਲੀ ‘ਚ ਬਣੇਗਾ ਅਤਿ-ਆਧੁਨਿਕ ਕਨਵੈਨਸ਼ਨ ਸੈਂਟਰ : ਮੰਤਰੀ ਸੰਜੀਵ ਅਰੋੜਾ
