ਬੱਬਰੀ ਬਾਈਪਾਸ ‘ਤੇ ਵਾਪਰਿਆ ਭਿਆਨਕ ਹਾਦਸਾ; 20 ਤੋਂ ਵੱਧ ਸਵਾਰੀਆਂ ਜ਼ਖ਼ਮੀ, ਕਾਰ ਚਾਲਕ ਦਾ ਬਚਿਆ ਬਚਾਅ
ਗੁਰਦਾਸਪੁਰ, 8 ਅਪ੍ਰੈਲ : ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਉੱਪਰ ਜਾ ਪਲਟੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 20 ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ, ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਇਹ ਬੱਸ ਗੁਰਦਾਸਪੁਰ ਬੱਸ ਸਟੈਂਡ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਬੱਬਰੀ ਬਾਈਪਾਸ ਨੇੜੇ ਇੱਕ ਤਿੱਖੇ ਮੋੜ ‘ਤੇ ਰਫ਼ਤਾਰ ਜ਼ਿਆਦਾ ਹੋਣ ਕਾਰਨ ਚਾਲਕ ਬੱਸ ਤੋਂ ਸੰਤੁਲਨ ਗੁਆ ਬੈਠਾ। ਬੱਸ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਬਟਾਲਾ ਵਾਲੇ ਪਾਸਿਓਂ ਆ ਰਹੀ ਇੱਕ ਕਾਰ ਉੱਤੇ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ।

ਬੱਬਰੀ ਬਾਈਪਾਸ ’ਤੇ ਮੌਜੂਦ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ। ਖ਼ੁਸ਼ਕਿਸਮਤੀ ਨਾਲ ਕਾਰ ਚਾਲਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਾਰੀਆਂ ਜ਼ਖ਼ਮੀ ਸਵਾਰੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਹਾਦਸੇ ਕਾਰਨ ਹਾਈਵੇਅ ’ਤੇ ਕਾਫੀ ਸਮਾਂ ਜਾਮ ਲੱਗਾ ਰਿਹਾ, ਜਿਸ ਨੂੰ ਬਾਅਦ ਵਿੱਚ ਪੁਲਸ ਨੇ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਵਾਹਨ ਹਟਾ ਕੇ ਖੁਲ੍ਹਵਾਇਆ।
Read More : ਅਮਰੀਕਾ-ਈਰਾਨ ਜੰਗਬੰਦੀ ਤੋਂ ਬਾਅਦ ਸੋਨਾ-ਚਾਂਦੀ ਹੋਏ ਬੇਹੱਦ ਮਹਿੰਗੇ
