– ਸਿਹਤ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਡਾਕਟਰਾਂ ਦੀ ਟੀਮ ਬਦਲੀ
ਖਨੌਰੀ – ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਇਲਾਜ ’ਚ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਮਰਨ ਵਰਤ ਦੇ 58ਵੇਂ ਦਿਨ ਲੰਘੀ ਦੇਰ ਰਾਤ ਡੱਲੇਵਾਲ ਨੂੰ ਮੌਜੂਦ ਜੂਨੀਅਰ ਡਾਕਟਰਾਂ ਵੱਲੋਂ ਡਰਿੱਪ ਹੀ ਨਹੀਂ ਲਾਈ ਜਾ ਸਕੀ, ਜਿਸ ਕਾਰਨ ਉਨ੍ਹਾਂ ਦੀ ਬਾਂਹ ਉੱਪਰ ਜ਼ਖਮ ਹੋ ਗਿਆ। ਕਿਸਾਨਾਂ ਨੇ ਡਾਕਟਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਵਾਪਸ ਜਾਓ। ਉਨ੍ਹਾਂ ਜੂਨੀਅਰ ਡਾਕਟਰਾਂ ਨੂੰ ਕਿਹਾ ਕਿ ਡੱਲੇਵਾਲ ਕੋਈ ਤਜੁਰਬਾ ਕਰਨ ਦੀ ਮਸ਼ੀਨ ਨਹੀਂ।
ਉੱਧਰੋਂ ਡਾਕਟਰਾਂ ਨੇ ਵੀ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਉਹ ਕਿਸਾਨ ਮੋਰਚੇ ’ਚ ਡਿਊਟੀ ਨਹੀਂ ਕਰ ਸਕਦੇ, ਇਸ ਲਈ ਸਾਡੀ ਡਿਊਟੀ ਬਦਲੀ ਜਾਵੇ। ਸਥਿਤੀ ਵਿਸਫੋਟਕ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖੁਦ ਦਖਲਅੰਦਾਜ਼ੀ ਕਰ ਕੇ ਕਿਸਾਨ ਨੇਤਾਵਾਂ ਨਾਲ ਗੱਲਬਾਤ ਕੀਤੀ, ਜਿਥੇ ਉਨ੍ਹਾਂ ਨੇ ਜੂਨੀਅਰ ਡਾਕਟਰਾਂ ਦੀ ਡਿਊਟੀ ਬਦਲ ਦਿੱਤੀ, ਉੱਥੇ ਬਕਾਇਦਾ ਤੌਰ ’ਤੇ ਪਟਿਆਲਾ ਦੇ ਸਿਵਲ ਸਰਜਨ ਸੀਨੀਅਰ ਡਾਕਟਰਾਂ ਦੀ ਟੀਮ ਲੈ ਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਕੋਲ ਪੁੱਜੇ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ।
ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇਸ ਵੇਲੇ ਵੀ ਬਹੁਤੀ ਵਧੀਆ ਨਹੀਂ ਹੈ। ਡਰਿੱਪ ਲਗਾਉਣ ਲਈ ਉਨ੍ਹਾਂ ਕੋਲ ਸੀਨੀਅਰ ਡਾਕਟਰ ਦੀ ਹਰ ਸਮੇਂ ਜ਼ਰੂਰਤ ਹੈ ਪਰ ਰਾਤ ਸਮੇਂ ਉੱਥੇ ਪੀਜੀ ਮੈਡੀਕਲ ਸਟੂਡੈਂਟਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ, ਇਹ ਉਹ ਡਾਕਟਰ ਹਨ, ਜਿਹੜੇ ਐੱਮ. ਬੀ. ਬੀ. ਐੱਸ. ਕਰਨ ਤੋਂ ਬਾਅਦ ਐੱਮ. ਡੀ. ਕਰ ਰਹੇ ਹਨ। ਇਨ੍ਹਾਂ ਡਾਕਟਰਾਂ ਦੀ ਡਰਿੱਪ ਨਾਲ ਡੱਲੇਵਾਲ ਦੀ ਬਾਂਹ ਜ਼ਖਮੀ ਹੋ ਗਈ ਅਤੇ ਉਨ੍ਹਾਂ ਨੇ ਰਾਤ ਨੂੰ ਡਰਿੱਪ ਲੱਗਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ।
ਕਿਸਾਨਾਂ ਨੇ ਇਸ ਗੱਲ ਦਾ ਜ਼ਬਰਦਸਤ ਰੋਸ ਜਾਹਿਰ ਕੀਤਾ ਕਿ ਇਥੇ ਉਹ ਹੀ ਡਾਕਟਰ ਲਾਇਆ ਜਾਵੇ, ਜਿਸ ਦੀ ਐਮਰਜੈਂਸੀ ’ਚ ਵੀ ਪਕੜ ਮਜ਼ਬੂਤ ਹੋਵੇ। ਸਿਹਤ ਮੰਤਰੀ ਦੇ ਡਾ. ਬਲਬੀਰ ਸਿੰਘ ਦਖਲ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ ਹੈ। ਹੁਣ ਡੱਲੇਵਾਲ ਕੋਲ ਸੀਨੀਅਰ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੌਰਾਨ ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਖੁਦ ਟੀਮ ਸ. ਡੱਲੇਵਾਲ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਉਨ੍ਹਾਂ ਦੇ ਡਰਿੱਪ ਮੁੜ ਚਾਲੂ ਕੀਤੀ ਹੈ।
ਡੱਲੇਵਾਲ ਨੂੰ ਧੁੱਪ ’ਚ ਲਿਆਂਦਾ
ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰਾਂ ਦੀ ਰਾਏ ਤੋਂ ਬਾਅਦ ਖੁੱਲ੍ਹੀ ਹਵਾ ਅਤੇ ਰੌਸ਼ਨੀ ’ਚ ਬਾਹਰ ਆਏ ਹਨ। ਦੁਪਹਿਰ 2 ਵਜੇ ਜਗਜੀਤ ਸਿੰਘ ਡੱਲੇਵਾਲ ਆਪਣੀ ਟਰਾਲੀ ’ਚੋਂ ਸਟਰੈਚਰ ’ਤੇ ਬੈਠ ਕੇ ਬਾਹਰ ਆਏ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਚਾਹੁੰਦਾ ਹਾਂ ਕਿਉਂਕਿ ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਅਸੀਂ ਕੇਂਦਰ ਸਰਕਾਰ ਨੂੰ ਗੱਲਬਾਤ ਦੀ ਮੇਜ਼ ਉੱਪਰ ਆਉਣ ਮਜਬੂਰ ਕਰਨ ’ਚ ਸਫ਼ਲਤ ਹੋਏ ਹਾਂ।
ਚੇਨੱਈ ’ਚ ਡੱਲੇਵਾਲ ਦੇ ਹੱਕ ਵਿਚ ਭੁੱਖ ਹੜਤਾਲ
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ’ਚ ਸੈਂਕੜੇ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ’ਚ ਸੰਕੇਤਿਕ ਭੁੱਖ ਹੜਤਾਲ ਕੀਤੀ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 26 ਜਨਵਰੀ ਨੂੰ ਐਲਾਨੇ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੇ ਦੇਸ਼ ’ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

