ਨਸ਼ਿਆਂ ਨੇ ਉਜਾੜਿਆ ਪਰਿਵਾਰ; ਪਹਿਲਾਂ ਚਾਰ ਪੁੱਤਰ ਗੁਆ ਚੁੱਕੀ ਮਾਂ ਦੇ ਪੰਜਵੇਂ ਪੁੱਤਰ ਦੀ ਇਲਾਜ ਦੌਰਾਨ ਮੌਤ
ਸੁਲਤਾਨਪੁਰ ਲੋਧੀ, 8 ਅਪ੍ਰੈਲ : ਜ਼ਿਲਾ ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਦਿਲ ਝੰਜੋੜ ਦਿੱਤੇ ਹਨ। ਇੱਕ ਬਦਕਿਸਮਤ ਮਾਂ ਮਨਜੀਤ ਕੌਰ, ਜਿਸ ਨੇ ਨਸ਼ਿਆਂ ਅਤੇ ਹੋਰ ਕਾਰਨਾਂ ਕਰਕੇ ਪਹਿਲਾਂ ਹੀ ਆਪਣੇ ਚਾਰ ਪੁੱਤਰ ਗੁਆ ਦਿੱਤੇ ਸਨ, ਅੱਜ ਉਸ ਦੇ ਪੰਜਵੇਂ ਅਤੇ ਆਖ਼ਰੀ ਪੁੱਤਰ ਸੋਨੂੰ ਦੀ ਵੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਮੌਤ ਹੋ ਗਈ।
ਕੁਝ ਦਿਨ ਪਹਿਲਾਂ ਮਨਜੀਤ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਉਹ ਰੋਂਦੇ ਹੋਏ ਦੱਸ ਰਹੀ ਸੀ ਕਿ ਉਸ ਦੇ ਚਾਰ ਪੁੱਤਰ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਉਹ ਆਪਣੇ ਆਖ਼ਰੀ ਪੁੱਤਰ ਨੂੰ ਬਚਾਉਣ ਲਈ ਮਦਦ ਮੰਗ ਰਹੀ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਨੌਜਵਾਨ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦਾ ਨੋਟਿਸ ਲੈਂਦਿਆਂ ਸਾਰਾ ਇਲਾਜ ਸਰਕਾਰੀ ਖ਼ਰਚੇ ‘ਤੇ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਅਫ਼ਸੋਸ ਕਿ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਘਰ ਦੇ ਬਿਲਕੁਲ ਨੇੜੇ ਸ਼ਰੇਆਮ ਨਸ਼ਾ ਵਿਕਦਾ ਹੈ। ਉਸ ਦੇ ਨਾਲ ਇਲਾਕੇ ਦੀਆਂ ਹੋਰ ਔਰਤਾਂ ਨੇ ਵੀ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਨਸ਼ਿਆਂ ਦੀ ਵਿਕਰੀ ਤੁਰੰਤ ਰੋਕੀ ਜਾਵੇ, ਕਿਉਂਕਿ ਕਈ ਹੋਰ ਪਰਿਵਾਰ ਵੀ ਆਪਣੇ ਜਵਾਨ ਪੁੱਤਰ ਗੁਆ ਚੁੱਕੇ ਹਨ।
ਦੂਜੇ ਪਾਸੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਜਾਂਚ ਅਨੁਸਾਰ ਪਰਿਵਾਰ ਦੇ ਪਹਿਲੇ ਚਾਰ ਪੁੱਤਰਾਂ ਦੀ ਮੌਤ ਵੱਖ-ਵੱਖ ਸਮਿਆਂ ‘ਤੇ ਨਸ਼ੇ ਦੀ ਓਵਰਡੋਜ਼, ਹਾਦਸੇ, ਜੇਲ੍ਹ ਵਿਚ ਬਿਮਾਰੀ ਅਤੇ ਲਿਵਰ ਫੇਲ੍ਹ ਹੋਣ ਕਾਰਨ ਹੋਈ ਸੀ। ਅੱਜ ਮਰਨ ਵਾਲੇ ਪੰਜਵੇਂ ਪੁੱਤਰ ਸੋਨੂੰ ‘ਤੇ ਵੀ ਨਸ਼ਾ ਤਸਕਰੀ ਦਾ ਕੇਸ ਚੱਲ ਰਿਹਾ ਸੀ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਸੀ।
ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗਣਗੇ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
Read More : ਬਾਗਬਾਨੀ ਰਾਹੀਂ ਕਿਸਾਨਾਂ ਦੀ ਕਿਸਮਤ ਬਦਲੇਗੀ ਸਰਕਾਰ; 1300 ਕਰੋੜ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ
