ਰਾਜਸਥਾਨ

RR ਬਨਾਮ MI : ਰਾਜਸਥਾਨ ਰਾਇਲਜ਼ ਦੀ ਜਿੱਤ ਦੀ ਹੈਟ੍ਰਿਕ

ਮੁੰਬਈ ਇੰਡੀਅਨਜ਼ ਨੂੰ 27 ਦੌੜਾਂ ਨਾਲ ਹਰਾਇਆ

ਗੁਹਾਟੀ, 8 ਅਪ੍ਰੈਲ : ਆਈ. ਪੀ. ਐੱਲ. 2026 ਵਿਚ ਰਾਜਸਥਾਨ ਰਾਇਲਜ਼ (RR) ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੰਗਲਵਾਰ ਰਾਤ ਨੂੰ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਖੇਡੇ ਗਏ ਇੱਕ ਰੋਮਾਂਚਕ ਮੁਕਾਬਲੇ ਵਿੱਚ ਰਾਜਸਥਾਨ ਨੇ ਮੁੰਬਈ ਇੰਡੀਅਨਜ਼ (MI) ਨੂੰ 27 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਦੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ।

ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਰਕੇ ਇਸ ਨੂੰ 11-11 ਓਵਰਾਂ ਦਾ ਕਰ ਦਿੱਤਾ ਗਿਆ। ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 11 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 150 ਦੌੜਾਂ ਦਾ ਵੱਡਾ ਸਕੋਰ ਬਣਾਇਆ।

ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 32 ਗੇਂਦਾਂ ਵਿੱਚ 77 ਦੌੜਾਂ ਬਣਾਈਆਂ, ਜਿਸ ਵਿੱਚ 10 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਦਿੱਗਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਲਗਾਤਾਰ ਦੋ ਛੱਕੇ ਜੜੇ। ਵੈਭਵ ਨੇ 14 ਗੇਂਦਾਂ ਵਿੱਚ 5 ਛੱਕਿਆਂ ਦੀ ਮਦਦ ਨਾਲ 39 ਦੌੜਾਂ ਦੀ ਪਾਰੀ ਖੇਡੀ।

151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 46 ਦੌੜਾਂ ‘ਤੇ ਹੀ 5 ਵਿਕਟਾਂ ਡਿੱਗ ਗਈਆਂ। ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ ਅਤੇ ਕਪਤਾਨ ਹਾਰਦਿਕ ਪੰਡਯਾ ਵਰਗੇ ਵੱਡੇ ਖਿਡਾਰੀ ਜਲਦੀ ਆਊਟ ਹੋ ਗਏ। ਨਮਨ ਧੀਰ (25 ਦੌੜਾਂ) ਅਤੇ ਸ਼ੇਰਫੇਨ ਰਦਰਫੋਰਡ (25 ਦੌੜਾਂ) ਨੇ ਕੁਝ ਸੰਘਰਸ਼ ਕੀਤਾ, ਪਰ ਟੀਮ 11 ਓਵਰਾਂ ਵਿੱਚ 123 ਦੌੜਾਂ ਹੀ ਬਣਾ ਸਕੀ।

ਰਾਜਸਥਾਨ ਰਾਇਲਜ਼ ਨੇ ਇਹ ਮੈਚ 27 ਦੌੜਾਂ ਨਾਲ ਜਿੱਤ ਕੇ ਪੁਆਇੰਟ ਟੇਬਲ ਵਿੱਚ ਆਪਣਾ ਦਬਦਬਾ ਬਣਾ ਲਿਆ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਦੀ ਇਹ ਤਿੰਨ ਮੈਚਾਂ ਵਿੱਚ ਦੂਜੀ ਹਾਰ ਹੈ। ਮੀਂਹ ਦੇ ਬਾਵਜੂਦ ਦਰਸ਼ਕਾਂ ਨੇ ਰਾਜਸਥਾਨ ਦੀ ਵਿਸਫੋਟਕ ਬੱਲੇਬਾਜ਼ੀ ਦਾ ਪੂਰਾ ਆਨੰਦ ਮਾਣਿਆ।

Read More : ਕੰਗਣਾ ਰਣੌਤ ਦੇ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਅਗਲੀ ਪੇਸ਼ੀ 28 ਨੂੰ

Leave a Reply

Your email address will not be published. Required fields are marked *