ਈਰਾਨ ਦਾ ਪਲਟਵਾਰ: UAE ‘ਤੇ ਦਾਗੀਆਂ ਮਿਜ਼ਾਈਲਾਂ
ਤਹਿਰਾਨ, 7 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀ ਗਈ ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਵੱਡਾ ਹਮਲਾ ਬੋਲ ਦਿੱਤਾ ਹੈ। ਅਮਰੀਕੀ ਹਵਾਈ ਫੌਜ ਨੇ ਈਰਾਨ ਦੇ ਕੱਚੇ ਤੇਲ ਦੇ ਮੁੱਖ ਕੇਂਦਰ ‘ਖਰਗ’ ਟਾਪੂ ਨੂੰ ਨਿਸ਼ਾਨਾ ਬਣਾ ਕੇ ਭਾਰੀ ਬੰਬਾਰੀ ਕੀਤੀ। ਇਸ ਦੇ ਨਾਲ ਹੀ ਇਜ਼ਰਾਈਲੀ ਫ਼ੌਜ ਨੇ ਈਰਾਨ ਦੀਆਂ 10 ਅਹਿਮ ਰੇਲ ਲਾਈਨਾਂ ਅਤੇ ਪੁਲਾਂ ਨੂੰ ਤਬਾਹ ਕਰ ਦਿੱਤਾ ਹੈ। ਸ਼ਹਿਰਯਾਰ ਵਿੱਚ ਹੋਏ ਹਮਲਿਆਂ ਵਿੱਚ 2 ਲੋਕਾਂ ਦੀ ਮੌਤ ਅਤੇ 3 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਈਰਾਨ ਦਾ ਮਿਜ਼ਾਈਲ ਹਮਲਾ ਤੇ ਚਿਤਾਵਨੀ
ਹਮਲੇ ਦੇ ਜਵਾਬ ਵਿੱਚ ਈਰਾਨ ਨੇ ਸੰਯੁਕਤ ਅਰਬ ਅਮੀਰਾਤ (UAE) ‘ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਸ਼ਾਰਜਾਹ ਵਿੱਚ ਇੱਕ ਟੈਲੀਕਾਮ ਬਿਲਡਿੰਗ ‘ਤੇ ਹੋਏ ਹਮਲੇ ਵਿੱਚ 2 ਪਾਕਿਸਤਾਨੀ ਨਾਗਰਿਕ ਜ਼ਖ਼ਮੀ ਹੋ ਗਏ। ਈਰਾਨ ਦੇ ‘ਰੈਵੋਲਿਊਸ਼ਨਰੀ ਗਾਰਡ’ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਰਿਹਾਇਸ਼ੀ ਇਲਾਕਿਆਂ ‘ਤੇ ਹਮਲੇ ਨਾ ਰੋਕੇ ਤਾਂ ਉਹ ਵੀ ਤਿੱਖਾ ਜਵਾਬ ਦੇਣਗੇ।
ਇਜ਼ਰਾਈਲ ‘ਤੇ ਫਾਸਫੋਰਸ ਬੰਬ ਵਰਤਣ ਦਾ ਦੋਸ਼
ਲਿਬਨਾਨ ਦੀ ਨਿਊਜ਼ ਏਜੰਸੀ ਅਨੁਸਾਰ ਇਜ਼ਰਾਈਲ ਨੇ ਦੱਖਣੀ ਲਿਬਨਾਨ ਦੇ ਅਯਨਾਤਾ ਇਲਾਕੇ ਵਿੱਚ ਖ਼ਤਰਨਾਕ ਫਾਸਫੋਰਸ ਬੰਬਾਂ ਦੀ ਵਰਤੋਂ ਕੀਤੀ ਹੈ। ਇਹ ਕੈਮੀਕਲ ਇੰਨਾ ਘਾਤਕ ਹੈ ਕਿ ਇਸ ਦੇ ਫਟਣ ਨਾਲ ਤਾਪਮਾਨ 2760°C ਤੋਂ ਉੱਪਰ ਚਲਾ ਜਾਂਦਾ ਹੈ ਅਤੇ ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆ ਰਹੀ ਹੈ।
1.4 ਕਰੋੜ ਲੋਕ ਕੁਰਬਾਨੀ ਲਈ ਤਿਆਰ: ਪੇਜੇਸ਼ਕੀਆਨ
ਈਰਾਨੀ ਰਾਸ਼ਟਰਪਤੀ ਮਸੂਦ ਪੇਜੇਸ਼ਕੀਆਨ ਨੇ ਡੋਨਾਲਡ ਟਰੰਪ ਦੀ ‘ਪੱਥਰ ਯੁੱਗ’ ਵਾਲੀ ਧਮਕੀ ਦਾ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਦੇ 1.4 ਕਰੋੜ ਤੋਂ ਵੱਧ ਨਾਗਰਿਕ ਆਪਣੀ ਜਾਨ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਦੱਸਣਯੋਗ ਹੈ ਕਿ ਅਮਰੀਕਾ ਨੇ ਈਰਾਨ ਨੂੰ ਹੋਰਮੁਜ਼ ਸਟ੍ਰੇਟ ਖੋਲ੍ਹਣ ਲਈ ਅੱਜ ਰਾਤ 8 ਵਜੇ ਤੱਕ ਦਾ ਸਮਾਂ ਦਿੱਤਾ ਸੀ।
Read More : ਕੰਗਣਾ ਰਣੌਤ ਦੇ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਅਗਲੀ ਪੇਸ਼ੀ 28 ਨੂੰ
