ਡੱਬਵਾਲੀ

ਜ਼ਮੀਨ ਦੇ ਲਾਲਚ ‘ਚ ਪੁੱਤਰ ਨੇ ਗੁਆਇਆ ਆਪਾ, ਪਿਤਾ ਨੂੰ ਜੀਪ ਨਾਲ ਦਰੜ ਕੇ ਮਾਰਿਆ

2 ਘੰਟੇ ਗਲੀ ‘ਚ ਤੜਫਦਾ ਰਿਹਾ ਪਿਤਾ, ਪਰ ਕੋਈ ਮਦਦ ਲਈ ਨਾ ਆਇਆ

ਡੱਬਵਾਲੀ, 7 ਅਪ੍ਰੈਲ: ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿੱਚ ਜ਼ਮੀਨ ਦੇ ਲਾਲਚ ਵਿਚ ਇੱਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮੁਲਜ਼ਮ ਰਾਮ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ 65 ਸਾਲਾ ਪਿਤਾ ਜਸਵੰਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ ਦੀ ਹੈ। ਜਦੋਂ ਜਸਵੰਤ ਸਿੰਘ ਘਰ ਵਾਪਸ ਆ ਰਿਹਾ ਸੀ, ਤਾਂ ਰਾਮ ਸਿੰਘ ਨੇ ਪਹਿਲਾਂ ਜੀਪ ਨਾਲ ਆਪਣੇ ਪਿਤਾ ਨੂੰ ਟੱਕਰ ਮਾਰੀ। ਜਦੋਂ ਉਹ ਜ਼ਮੀਨ ‘ਤੇ ਡਿੱਗ ਗਏ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਦੁਖਦਾਈ ਗੱਲ ਇਹ ਰਹੀ ਕਿ ਜ਼ਖ਼ਮੀ ਜਸਵੰਤ ਸਿੰਘ ਕਰੀਬ ਦੋ ਘੰਟੇ ਗਲੀ ਵਿੱਚ ਤੜਫਦਾ ਰਿਹਾ, ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਬਾਅਦ ਵਿੱਚ ਪੁਲਿਸ ਦੀ ‘ਡਾਇਲ 112’ ਟੀਮ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਿਤਾ-ਪੁੱਤਰ ਵਿਚਕਾਰ ਸਾਢੇ ਤਿੰਨ ਏਕੜ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਮੁਲਜ਼ਮ ਰਾਮ ਸਿੰਘ ਨਾ ਸਿਰਫ਼ ਆਪਣਾ ਹਿੱਸਾ ਚਾਹੁੰਦਾ ਸੀ, ਸਗੋਂ ਉਹ ਆਪਣੀ ਵਿਆਹੁਤਾ ਭੈਣ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਭਰਾ ਦੇ ਹਿੱਸੇ ਦੀ ਜ਼ਮੀਨ ਵੀ ਹੜੱਪਣਾ ਚਾਹੁੰਦਾ ਸੀ। ਇਸੇ ਲਾਲਚ ਕਾਰਨ ਉਸ ਨੇ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ।

ਡੱਬਵਾਲੀ ਸਦਰ ਪੁਲਿਸ ਨੇ ਰਾਮ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਫਰਾਰ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

Read More : ਫ਼ਸਲਾਂ ਦੇ ਨੁਕਸਾਨ ਨੂੰ ਲੈ ਕੇ ਰਾਜਾ ਵੜਿੰਗ ਦੀ ਕੇਂਦਰ ਨੂੰ ਅਪੀਲ

Leave a Reply

Your email address will not be published. Required fields are marked *