ਰੰਜਿਸ਼ ਕਾਰਨ ਹੋਇਆ ਵਿਵਾਦ, ਜ਼ਖ਼ਮੀ ਰਾਜਵੰਤ ਕੌਰ ਅੰਮ੍ਰਿਤਸਰ ਰੈਫਰ, ਪੁਲਸ ਵੱਲੋਂ ਜਾਂਚ ਸ਼ੁਰੂ
ਬਟਾਲਾ, 6 ਅਪ੍ਰੈਲ : ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਮਠੋਲਾ ’ਚ ਦੋ ਧਿਰਾਂ ਵਿਚਕਾਰ ਹੋਏ ਖੂਨੀ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ ਇਕ ਔਰਤ ਗੋਲੀ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਗਗਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਪਿੰਡ ਮਠੋਲਾ ’ਚ ਦੋ ਧਿਰਾਂ ਦਰਮਿਆਨ ਰੰਜਿਸ਼ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ। ਅੱਜ ਦੁਪਹਿਰ ਸਮੇਂ ਦੋਵਾਂ ਧਿਰਾਂ ਵਿਚਕਾਰ ਫਿਰ ਤੋਂ ਝਗੜਾ ਹੋ ਗਿਆ, ਜਿਸ ਦੌਰਾਨ ਇਕ-ਦੂਜੇ ’ਤੇ ਪੱਥਰਾਅ ਵੀ ਕੀਤਾ ਗਿਆ। ਇਨ੍ਹਾਂ ਦੱਸਿਆ ਕਿ ਇਸੇ ਦੌਰਾਨ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਗੋਲੀ ਚਲਾ ਦਿੱਤੀ ਗਈ, ਜੋ ਰਾਜਵੰਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਮਠੋਲਾ ਦੇ ਪੇਟ ’ਚ ਲੱਗੀ।
ਪਰਿਵਾਰਕ ਮੈਂਬਰਾਂ ਵੱਲੋਂ ਰਾਜਵੰਤ ਕੌਰ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਐੱਸ. ਐੱਚ. ਓ. ਢੀਂਡਸਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Read More : ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ: ਮੰਤਰੀ ਬਰਿੰਦਰ ਗੋਇਲ ਵੱਲੋਂ ਪਿੰਡਾਂ ’ਚ ਸੰਵਾਦ
