ਬਿਆਸ-ਸਤਲੁਜ ਲਿੰਕ ਰਾਹੀਂ ਪਾਣੀ ਦੀ ਘੱਟ ਸਪਲਾਈ ਹੋਣ ਕਾਰਨ ਹਰਿਆਣਾ ਨੇ ਚੁੱਕੇ ਸਵਾਲ
ਚੰਡੀਗੜ੍ਹ, 6 ਅਪ੍ਰੈਲ : ਹਰਿਆਣਾ ਸਰਕਾਰ ਨੇ ਬਿਆਸ ਦਰਿਆ ਵਿੱਚੋਂ ਆਪਣੇ ਹਿੱਸੇ ਦੇ ਪਾਣੀ ਨੂੰ ਲੈ ਕੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੂੰ ਪੱਤਰ ਲਿਖ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਹਰਿਆਣਾ ਦਾ ਕਹਿਣਾ ਹੈ ਕਿ ਬਿਆਸ-ਸਤਲੁਜ ਲਿੰਕ ਪ੍ਰਾਜੈਕਟ ਰਾਹੀਂ ਬਿਆਸ ਤੋਂ ਸਤਲੁਜ ਵੱਲ ਪਾਣੀ ਘੱਟ ਮੋੜਿਆ ਜਾ ਰਿਹਾ ਹੈ, ਜਿਸ ਕਾਰਨ ਸੂਬੇ ਨੂੰ ਮਿਲਣ ਵਾਲੇ ਪਾਣੀ ਦਾ ਕੋਟਾ ਪ੍ਰਭਾਵਿਤ ਹੋ ਸਕਦਾ ਹੈ।
ਹਰਿਆਣਾ ਨੇ ਆਪਣੀ ਚਿੱਠੀ ਵਿੱਚ ਦਾਅਵਾ ਕੀਤਾ ਹੈ ਕਿ 4 ਮਾਰਚ ਤੋਂ ਸਤਲੁਜ ਲਿੰਕ ਰਾਹੀਂ ਪਾਣੀ ਦਾ ਨਿਕਾਸ ਲਗਾਤਾਰ ਘਟ ਰਿਹਾ ਹੈ। ਇਸ ਕਾਰਨ ਭਾਖੜਾ ਪ੍ਰਣਾਲੀ ਰਾਹੀਂ ਹਰਿਆਣਾ ਨੂੰ ਮਿਲਣ ਵਾਲੇ ਬਿਆਸ ਦੇ ਪਾਣੀ ਵਿੱਚ ਕਮੀ ਆਉਣ ਦਾ ਡਰ ਪੈਦਾ ਹੋ ਗਿਆ ਹੈ। ਪੰਜਾਬ ਵੱਲੋਂ ਪਿਛਲੇ ਸਮੇਂ ਵਿੱਚ ਵਾਧੂ ਪਾਣੀ ਦੇਣ ਤੋਂ ਇਨਕਾਰ ਕੀਤੇ ਜਾਣ ਕਾਰਨ ਹਰਿਆਣਾ ਭਵਿੱਖ ਦੀ ਸਥਿਤੀ ਨੂੰ ਲੈ ਕੇ ਵੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਦੂਜੇ ਪਾਸੇ ਬੋਰਡ ਅਥਾਰਟੀ (BBMB) ਨੇ ਹਰਿਆਣਾ ਦੇ ਇਨ੍ਹਾਂ ਖ਼ਦਸ਼ਿਆਂ ਨੂੰ ਸ਼ਾਂਤ ਕਰਦਿਆਂ ਕਿਹਾ ਹੈ ਕਿ ਭਾਖੜਾ ਡੈਮ ਦੇ ਰਿਜ਼ਰਵਾਇਰ ਵਿੱਚ ਸਾਰੇ ਹਿੱਸੇਦਾਰ ਸੂਬਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਪਾਣੀ ਮੌਜੂਦ ਹੈ। ਬੋਰਡ ਨੇ ਭਰੋਸਾ ਦਿੱਤਾ ਹੈ ਕਿ ਹਰਿਆਣਾ ਦੀ ਪਾਣੀ ਦੀ ਸਪਲਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ 1966 ਅਤੇ 1982 ਦੇ ਸਮਝੌਤਿਆਂ ਤਹਿਤ ਹਰਿਆਣਾ ਸਤਲੁਜ ਦੇ 32.31 ਫ਼ੀਸਦ ਅਤੇ ਰਾਵੀ-ਬਿਆਸ ਦੇ 21 ਫ਼ੀਸਦ ਪਾਣੀ ਦਾ ਹਿੱਸੇਦਾਰ ਹੈ। ਹੁਣ ਦੇਖਣਾ ਹੋਵੇਗਾ ਕਿ ਬੋਰਡ ਦੇ ਭਰੋਸੇ ਤੋਂ ਬਾਅਦ ਹਰਿਆਣਾ ਸਰਕਾਰ ਦੀ ਚਿੰਤਾ ਦੂਰ ਹੁੰਦੀ ਹੈ ਜਾਂ ਨਹੀਂ।
Read More : IPL 2026: ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁਕਾਬਲਾ ਅੱਜ
