ਚੰਡੀਗੜ੍ਹ, 3 ਅਪ੍ਰੈਲ : ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੂਬੇ ਭਰ ਵਿੱਚ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੇ 483 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ 198 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 13 ਹਥਿਆਰ ਬਰਾਮਦ ਕੀਤੇ ਗਏ।
ਪੁਲਿਸ ਮੁਤਾਬਕ ਇਸ ਮੁਹਿੰਮ ਦੌਰਾਨ 5 ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਜਾਂਚ ਤੋਂ ਬਾਅਦ 106 ਵਿਅਕਤੀਆਂ ਨੂੰ ਛੱਡ ਦਿੱਤਾ ਗਿਆ, ਜਦੋਂ ਕਿ ਕੁਝ ਖ਼ਿਲਾਫ਼ ਅਗਲੀ ਕਾਰਵਾਈ ਜਾਰੀ ਹੈ। ਹੁਣ ਤੱਕ ਇਸ ਮੁਹਿੰਮ ਤਹਿਤ ਕੁੱਲ 18,629 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ’ ਦੇ 398ਵੇਂ ਦਿਨ ਪੁਲਿਸ ਨੇ 98 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿੱਚੋਂ 6.3 ਕਿਲੋ ਹੈਰੋਇਨ, 700 ਗ੍ਰਾਮ ਅਫੀਮ, 3.5 ਕਿਲੋ ਭੁੱਕੀ ਅਤੇ 421 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪਿਛਲੇ 398 ਦਿਨਾਂ ਵਿੱਚ ਹੁਣ ਤੱਕ ਕੁੱਲ 56,806 ਨਸ਼ਾ ਤਸਕਰ ਫੜੇ ਜਾ ਚੁੱਕੇ ਹਨ।
ਪੁਲਿਸ ਨੇ ਅੱਜ 35 ਵਿਅਕਤੀਆਂ ਨੂੰ ਨਸ਼ਾ ਛੱਡ ਕੇ ਮੁੜ ਵਸੇਬਾ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਵੀ ਰਾਜ਼ੀ ਕੀਤਾ ਹੈ। ਪੰਜਾਬ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਅਪਰਾਧੀਆਂ ਜਾਂ ਨਸ਼ਾ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਹੈ, ਤਾਂ ਉਹ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਸੂਚਨਾ ਦੇ ਸਕਦੇ ਹਨ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
Read More : ਪੰਜਾਬ ਦੀਆਂ ਧੀਆਂ ਦੇ ਵਿਆਹ ਲਈ ਸਰਕਾਰ ਵੱਲੋਂ 13.74 ਕਰੋੜ ਰੁਪਏ ਜਾਰੀ
