ਸੰਸਦ ਮੈਂਬਰ ਨੇ ਭਾਰਤ ਸਰਕਾਰ ਤੋਂ ਕੀਤੀ ਤੁਰੰਤ ਦਖਲ ਦੀ ਮੰਗ; ਕਿਹਾ-ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਭਵਿੱਖ ਨਾਲ ਹੋ ਰਿਹਾ ਖਿਲਵਾੜ
ਚੰਡੀਗੜ੍ਹ, 3 ਮਾਰਚ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵਿਚ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਟਰੱਕ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੇ ਫੈਸਲੇ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਇਸ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਨਾਲ ਹਜ਼ਾਰਾਂ ਪੰਜਾਬੀ ਪਰਿਵਾਰਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿਚ ਪੈ ਗਈ ਹੈ।
ਸੰਸਦ ਮੈਂਬਰ ਰੰਧਾਵਾ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਨਾਲ ਗੱਲਬਾਤ ਕਰ ਕੇ ਪੰਜਾਬੀ ਟਰੱਕ ਡਰਾਈਵਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਕੇਂਦਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਮਰੀਕਾ ਦੇ ਇਸ ਅਚਾਨਕ ਲਏ ਫੈਸਲੇ ਕਾਰਨ ਲਗਭਗ 1.5 ਲੱਖ ਡਰਾਈਵਰ ਮੁਸੀਬਤ ਵਿੱਚ ਹਨ।
ਰੰਧਾਵਾ ਅਨੁਸਾਰ ਅਮਰੀਕਾ ਵਿਚ ਪੰਜਾਬੀ ਭਾਈਚਾਰਾ ਲੰਬੇ ਸਮੇਂ ਤੋਂ ਟ੍ਰਾਂਸਪੋਰਟ ਖੇਤਰ ਵਿਚ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਪਰ ਹਾਲ ਹੀ ਵਿੱਚ ਲਗਭਗ 1,790 ਟਰੱਕ ਡਰਾਈਵਰਾਂ ਦੇ ਲਾਇਸੈਂਸ ਅਚਾਨਕ ਰੱਦ ਕਰ ਦਿੱਤੇ ਗਏ ਹਨ ਅਤੇ ਵਰਕ ਵੀਜ਼ਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਕਾਰਨ ਲੱਖਾਂ ਭਾਰਤੀਆਂ ਦੇ ਕਾਰੋਬਾਰ ਠੱਪ ਹੋਣ ਦੀ ਕਗਾਰ ‘ਤੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਕਾਰਨ ਪਹਿਲਾਂ ਹੀ ਦੁਨੀਆ ਵਿੱਚ ਅਸਥਿਰਤਾ ਹੈ ਅਤੇ ਅਮਰੀਕਾ ਦੇ ਅਜਿਹੇ ਗਲਤ ਫੈਸਲੇ ਆਮ ਲੋਕਾਂ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਉਹ ਦਿੱਲੀ ਵਿੱਚ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਣਗੇ।
Read More : PBKS ਬਨਾਮ CSK : ਚੇਨਈ ਦੇ ਗੜ੍ਹ ‘ਚ ਗਰਜੇ ਪੰਜਾਬੀ ਸ਼ੇਰ
