ਆਈਪੀਐੱਲ

SRH ਬਨਾਮ KKR : ਹੈਦਰਾਬਾਦ ਨੇ ਸ਼ਾਨਦਾਰ ਅੰਦਾਜ਼ ‘ਚ ਖੋਲ੍ਹਿਆ ਜਿੱਤ ਦਾ ਖਾਤਾ

ਅਭਿਸ਼ੇਕ ਤੇ ਟ੍ਰੈਵਿਸ ਹੈੱਡ ਦੇ ਤੂਫ਼ਾਨ ‘ਚ ਉੱਡਿਆ ਕੋਲਕਾਤਾ; 65 ਦੌੜਾਂ ਨਾਲ ਦਿੱਤੀ ਕਰਾਰੀ ਮਾਤ

ਕੋਲਕਾਤਾ, 2 ਮਾਰਚ : ਆਈ.ਪੀ.ਐੱਲ. 2026 ਦੇ 6ਵੇਂ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਉਨ੍ਹਾਂ ਦੇ ਘਰ ਈਡਨ ਗਾਰਡਨਜ਼ ਵਿੱਚ 65 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਹੈਦਰਾਬਾਦ ਨੇ ਟੂਰਨਾਮੈਂਟ ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ, ਜਦਕਿ ਕੋਲਕਾਤਾ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 226 ਦੌੜਾਂ ਦਾ ਪਹਾੜ ਜਿਹਾ ਸਕੋਰ ਖੜ੍ਹਾ ਕੀਤਾ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (21 ਗੇਂਦਾਂ ਵਿੱਚ 48 ਦੌੜਾਂ) ਅਤੇ ਟ੍ਰੈਵਿਸ ਹੈੱਡ (21 ਗੇਂਦਾਂ ਵਿੱਚ 46 ਦੌੜਾਂ) ਨੇ ਟੀਮ ਨੂੰ ਤੂਫ਼ਾਨੀ ਸ਼ੁਰੂਆਤ ਦਿੱਤੀ ਅਤੇ ਸਿਰਫ਼ 34 ਗੇਂਦਾਂ ਵਿੱਚ 82 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਤੋਂ ਬਾਅਦ ਹੇਨਰਿਕ ਕਲਾਸੇਨ ਨੇ 52 ਦੌੜਾਂ ਅਤੇ ਨਿਤੀਸ਼ ਕੁਮਾਰ ਰੈੱਡੀ ਨੇ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਕੋਲਕਾਤਾ ਵੱਲੋਂ ਤੇਜ਼ ਗੇਂਦਬਾਜ਼ ਬਲੈਸਿੰਗ ਮੁਜ਼ਾਰਾਬਾਨੀ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 41 ਰਨ ਦੇ ਕੇ 4 ਵਿਕਟਾਂ ਲਈਆਂ।

227 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਸ਼ੁਰੂਆਤ ਚੰਗੀ ਰਹੀ ਪਰ ਲਗਾਤਾਰ ਡਿੱਗਦੀਆਂ ਵਿਕਟਾਂ ਕਾਰਨ ਟੀਮ ਦਬਾਅ ਵਿੱਚ ਆ ਗਈ। ਆਂਗਕ੍ਰਿਸ਼ ਰਘੂਵੰਸ਼ੀ ਨੇ 52 ਦੌੜਾਂ ਦੀ ਪਾਰੀ ਖੇਡੀ, ਪਰ ਉਹ ਰਨ-ਆਊਟ ਹੋ ਗਏ।

ਰਿੰਕੂ ਸਿੰਘ (35) ਅਤੇ ਫਿਨ ਐਲਨ (28) ਵੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ ਅਤੇ ਪੂਰੀ ਟੀਮ 161 ਦੌੜਾਂ ‘ਤੇ ਆਲ-ਆਊਟ ਹੋ ਗਈ। ਹੈਦਰਾਬਾਦ ਵੱਲੋਂ ਜੈਦੇਵ ਉਨਾਦਕਟ ਨੇ 3 ਵਿਕਟਾਂ ਝਟਕਾਈਆਂ, ਜਦਕਿ ਅਹਿਸਾਨ ਮਲਿੰਗਾ ਅਤੇ ਨਿਤੀਸ਼ ਕੁਮਾਰ ਰੈੱਡੀ ਨੇ 2-2 ਵਿਕਟਾਂ ਹਾਸਲ ਕੀਤੀਆਂ।

Read More : ਲੋਕ ਸਭਾ ‘ਚ ਸੁਖਬੀਰ ਬਾਦਲ ਦਾ ਨਾਂ ਲੈਂਦਿਆਂ ਹੀ ਰਾਜਾ ਵੜਿੰਗ ਦਾ ਮਾਈਕ ਕੀਤਾ ਬੰਦ

Leave a Reply

Your email address will not be published. Required fields are marked *